ਤਾਜਾ ਖਬਰਾਂ
ਮੋਹਾਲੀ ਵਿੱਚ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ (66) ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਘਰ ਦੇ ਨੌਕਰ ਨੀਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਨੀਰਜ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਅਤੇ ਕਤਲ ਦੀ ਪੂਰੀ ਯੋਜਨਾ ਤਿਆਰ ਕੀਤੀ ਸੀ। ਪੁਲਿਸ ਮੁਤਾਬਕ ਨੀਰਜ ਹੀ ਇਸ ਘਟਨਾ ਦਾ ਮਾਸਟਰਮਾਈਂਡ ਹੈ, ਜਦਕਿ ਉਸਦੇ ਦੋ ਸਾਥੀ ਹਾਲੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਜਾਂਚ ਵਿੱਚ ਸਾਹਮਣੇ ਆਇਆ ਕਿ ਆਰੋਪੀ ਨੂੰ ਘਰ ਦੀ ਪੂਰੀ ਜਾਣਕਾਰੀ ਸੀ। ਉਸਨੂੰ ਪਤਾ ਸੀ ਕਿ ਘਰ ਦਾ ਮਾਲਕ ਅਤੇ ਪਰਿਵਾਰਕ ਮੈਂਬਰ ਵਿਦੇਸ਼ ਗਏ ਹੋਏ ਹਨ ਅਤੇ ਅਸ਼ੋਕ ਗੋਇਲ ਘਰ ਵਿੱਚ ਇਕੱਲੀ ਹੈ। ਇਸ ਮੌਕੇ ਦਾ ਫਾਇਦਾ ਚੁੱਕਦਿਆਂ ਨੀਰਜ ਨੇ ਸਾਜ਼ਿਸ਼ ਅਨੁਸਾਰ ਆਪਣੇ ਸਾਥੀਆਂ ਨੂੰ ਰਾਤ ਦੇ ਸਮੇਂ ਘਰ ਵਿੱਚ ਦਾਖ਼ਲ ਕਰਵਾਇਆ। ਵਾਰਦਾਤ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਕੁਰਸੀ ਨਾਲ ਬੰਨ੍ਹ ਕੇ ਲੁੱਟ ਦਾ ਝੂਠਾ ਨਾਟਕ ਰਚਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਪੁਲਿਸ ਨੂੰ ਸ਼ੁਰੂ ਤੋਂ ਹੀ ਨੀਰਜ ’ਤੇ ਸ਼ੱਕ ਸੀ ਕਿਉਂਕਿ ਉਹ ਬੰਨ੍ਹਿਆ ਹੋਇਆ ਤਾਂ ਮਿਲਿਆ, ਪਰ ਉਸਦੇ ਸਰੀਰ ’ਤੇ ਕਿਸੇ ਵੀ ਤਰ੍ਹਾਂ ਦੇ ਜ਼ਖ਼ਮ ਨਹੀਂ ਸਨ, ਜਦਕਿ ਮ੍ਰਿਤਕ ਅਸ਼ੋਕ ਗੋਇਲ ਵੱਲੋਂ ਮੁਲਜ਼ਮਾਂ ਨਾਲ ਵਿਰੋਧ ਕਰਨ ਦੇ ਨਿਸ਼ਾਨ ਮਿਲੇ। ਸਖ਼ਤ ਪੁੱਛਗਿੱਛ ਦੌਰਾਨ ਨੀਰਜ ਟੁੱਟ ਗਿਆ ਅਤੇ ਉਸਨੇ ਆਪਣੇ ਸਾਥੀਆਂ ਸਮੇਤ ਕਤਲ ਦੀ ਸਾਜ਼ਿਸ਼ ਕਬੂਲ ਕਰ ਲਈ।
ਪੁਲਿਸ ਅਨੁਸਾਰ, ਵਾਰਦਾਤ ਤੋਂ ਬਾਅਦ ਦੋਵੇਂ ਫਰਾਰ ਮੁਲਜ਼ਮ ਆਟੋ-ਰਿਕਸ਼ਾ ਰਾਹੀਂ ਮੋਹਾਲੀ ਤੋਂ ਰੇਲਵੇ ਸਟੇਸ਼ਨ ਪਹੁੰਚੇ ਅਤੇ ਉੱਥੋਂ ਰੇਲਗੱਡੀ ਰਾਹੀਂ ਕਿਸੇ ਹੋਰ ਸੂਬੇ ਵੱਲ ਭੱਜ ਗਏ। ਮੁਲਜ਼ਮ ਘਰੋਂ ਕਰੀਬ 40 ਤੋਲੇ ਸੋਨਾ ਅਤੇ ਲਗਭਗ 8.5 ਲੱਖ ਰੁਪਏ ਨਕਦ ਲੈ ਕੇ ਫਰਾਰ ਹੋਏ ਸਨ।
ਦੱਸਣਯੋਗ ਹੈ ਕਿ ਨੀਰਜ ਪਿਛਲੇ 8 ਸਾਲਾਂ ਤੋਂ ਗੋਇਲ ਪਰਿਵਾਰ ਦੇ ਘਰ ਕੰਮ ਕਰ ਰਿਹਾ ਸੀ। 24 ਸਾਲਾ ਨੀਰਜ ਮੂਲ ਰੂਪ ਵਿੱਚ ਉੱਤਰਾਖੰਡ ਦਾ ਰਹਿਣ ਵਾਲਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਸਿਰਫ਼ ਨਕਦੀ ਅਤੇ ਗਹਿਣਿਆਂ ਵਾਲੀ ਅਲਮਾਰੀ ਨੂੰ ਹੀ ਨਿਸ਼ਾਨਾ ਬਣਾਇਆ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੂੰ ਘਰ ਦੇ ਕੀਮਤੀ ਸਮਾਨ ਅਤੇ ਪੈਸਿਆਂ ਬਾਰੇ ਪੂਰੀ ਜਾਣਕਾਰੀ ਸੀ। ਘਰ ਦੀ ਕੁੰਡੀ ਦਾ ਦੇਰ ਰਾਤ ਖੁੱਲ੍ਹਾ ਹੋਣਾ ਵੀ ਨੌਕਰ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰ ਰਿਹਾ ਸੀ।
ਫਿਲਹਾਲ ਪੁਲਿਸ ਫਰਾਰ ਆਰੋਪੀਆਂ ਦੀ ਤਲਾਸ਼ ਵਿੱਚ ਜੁੱਟੀ ਹੋਈ ਹੈ ਅਤੇ ਮਾਮਲੇ ਨਾਲ ਜੁੜੀਆਂ ਹੋਰ ਕੜੀਆਂ ਜੋੜਨ ਲਈ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
Get all latest content delivered to your email a few times a month.