ਤਾਜਾ ਖਬਰਾਂ
ਬਠਿੰਡਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਨੇ ਸਥਾਨਕ ਹਸਪਤਾਲ ਪ੍ਰਸ਼ਾਸਨ 'ਤੇ ਉਨ੍ਹਾਂ ਦੇ ਬੱਚੇ ਨੂੰ ਬਦਲਣ ਦਾ ਗੰਭੀਰ ਦੋਸ਼ ਲਗਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹਸਪਤਾਲ ਦੇ ਰਿਕਾਰਡ ਅਨੁਸਾਰ ਉਨ੍ਹਾਂ ਦੇ ਘਰ ਮੁੰਡਾ ਪੈਦਾ ਹੋਇਆ ਸੀ, ਪਰ ਉਨ੍ਹਾਂ ਨੂੰ ਇੱਕ ਕੁੜੀ ਸੌਂਪੀ ਗਈ ਹੈ।
FIR ਦਰਜ, ਪੁਲਿਸ ਕਰ ਰਹੀ ਹੈ ਜਾਂਚ
ਪਰਿਵਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਹਸਪਤਾਲ ਪ੍ਰਬੰਧਨ ਖਿਲਾਫ ਐਫਆਈਆਰ (FIR) ਦਰਜ ਕਰ ਲਈ ਹੈ। ਪੁਲਿਸ ਨੇ ਹੁਣ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸੱਚਾਈ ਦਾ ਪਤਾ ਲਗਾਇਆ ਜਾ ਸਕੇ।
ਹਸਪਤਾਲ ਦਾ ਪੱਖ: ਰਿਕਾਰਡ 'ਚ ਲਿਖਣ ਦੀ ਗਲਤੀ
ਦੂਜੇ ਪਾਸੇ, ਹਸਪਤਾਲ ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਹਸਪਤਾਲ ਦਾ ਕਹਿਣਾ ਹੈ ਕਿ ਦਰਅਸਲ, ਰਿਕਾਰਡ ਵਿੱਚ ਫੀਮੇਲ (Female) ਦੀ ਥਾਂ 'ਤੇ ਗਲਤੀ ਨਾਲ ਮੇਲ (Male) ਲਿਖਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਰਿਵਾਰ ਦੇ ਕੁੜੀ ਹੀ ਹੋਈ ਸੀ ਅਤੇ ਇਸ ਬਾਰੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਹਸਪਤਾਲ ਪ੍ਰਬੰਧਨ ਨੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਗਲਤ ਦੱਸਿਆ ਹੈ।
ਸੱਚਾਈ ਲਈ ਹੋਵੇਗਾ DNA ਟੈਸਟ
ਇਸ ਗੁੱਥੀ ਨੂੰ ਸੁਲਝਾਉਣ ਅਤੇ ਸੱਚਾਈ ਦਾ ਪਤਾ ਲਗਾਉਣ ਲਈ ਹੁਣ ਅਦਾਲਤੀ ਪ੍ਰਕਿਰਿਆ ਰਾਹੀਂ ਢਾਈ ਮਹੀਨੇ ਦੀ ਇਸ ਬੱਚੀ ਦਾ ਡੀਐਨਏ (DNA) ਟੈਸਟ ਕਰਵਾਇਆ ਜਾਵੇਗਾ।
ਡੀਐਨਏ ਜਾਂਚ ਦੇ ਨਤੀਜਿਆਂ ਤੋਂ ਬਾਅਦ ਤਸਵੀਰ ਸਾਫ ਹੋਵੇਗੀ ਕਿ ਆਖਰਕਾਰ ਪਰਿਵਾਰ ਦੇ ਮੁੰਡਾ ਹੋਇਆ ਸੀ ਜਾਂ ਕੁੜੀ, ਅਤੇ ਪਰਿਵਾਰ ਵੱਲੋਂ ਲਗਾਏ ਗਏ ਇਲਜ਼ਾਮ ਸਹੀ ਸਨ ਜਾਂ ਨਹੀਂ। ਜਾਂਚ ਰਿਪੋਰਟ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਹੋਵੇਗੀ।
Get all latest content delivered to your email a few times a month.