ਤਾਜਾ ਖਬਰਾਂ
ਮਾਹਿਲਪੁਰ-ਗੜ੍ਹਸ਼ੰਕਰ ਰੋਡ 'ਤੇ ਸਥਿਤ ਮਾਰੂਤੀ ਏਜੰਸੀ ਨੇੜੇ, ਪਿੰਡ ਲੰਗੇਰੀ ਵੱਲ ਮੁੜਦੇ ਮੋੜ 'ਤੇ ਦੋ ਕਾਰਾਂ ਵਿਚਕਾਰ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੜਕ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ।
ਰਿਟਾਇਰਡ ਫ਼ੌਜੀ ਅਤੇ ਪਿਤਾ ਜ਼ਖਮੀ
ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀ ਪਛਾਣ ਜੰਮੂ ਤੋਂ ਸੋਲਾਂ ਸਾਲ ਦੀ ਸਰਵਿਸ ਪੂਰੀ ਕਰਕੇ ਰਿਟਾਇਰ ਹੋ ਕੇ ਆ ਰਹੇ ਫ਼ੌਜੀ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ ਵਾਸੀ ਧੋਲਾ ਵਜੋਂ ਹੋਈ ਹੈ।
ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜ਼ੇਰੇ ਇਲਾਜ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਗੁਰਜੀਤ ਸਿੰਘ ਨਾਲ ਆਪਣੀ ਕਾਰ (PB 32 W 9397) 'ਤੇ ਆ ਰਹੇ ਸਨ। ਜਦੋਂ ਉਹ ਉਕਤ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਮੂਹਰੇ ਜਾ ਰਹੀ ਸਕਾਰਪੀਓ ਗੱਡੀ (PB 07 W 5701) ਚਾਲਕ ਨੇ ਅਚਾਨਕ ਦੂਜੀ ਸਾਈਡ ਵੱਲ ਗੱਡੀ ਮੋੜੀ। ਇਸ ਕਾਰਨ ਉਨ੍ਹਾਂ ਦੀ ਕਾਰ ਸਕਾਰਪੀਓ ਨਾਲ ਟਕਰਾ ਗਈ, ਜਿਸ ਕਾਰਨ ਦੋਵੇਂ ਪਿਓ-ਪੁੱਤ ਜ਼ਖਮੀ ਹੋ ਗਏ।
ਸਕਾਰਪੀਓ ਚਾਲਕ ਦਾ ਵੱਖਰਾ ਬਿਆਨ
ਦੂਜੇ ਪਾਸੇ, ਸਕਾਰਪੀਓ ਗੱਡੀ ਦੇ ਚਾਲਕ ਹਰਬਲਰਾਜ ਸਿੰਘ ਰਾਜਾ ਵਾਸੀ ਲੰਗੇਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ।
ਹਰਬਲਰਾਜ ਸਿੰਘ ਦੇ ਮੁਤਾਬਕ, ਜਦੋਂ ਉਸ ਨੇ ਮੁੱਖ ਮਾਰਗ ਤੋਂ ਆਪਣੇ ਪਿੰਡ ਵੱਲ ਜਾਣ ਲਈ ਇਸ਼ਾਰਾ ਦੇ ਕੇ ਗੱਡੀ ਮੋੜੀ, ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ
ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਮਾਹਿਲਪੁਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.