ਤਾਜਾ ਖਬਰਾਂ
ਮੋਗਾ ਦੇ ਸਾਬਕਾ ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ ਵੱਲੋਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਤੋਂ ਜਾਨੋਂ ਮਾਰਨ ਦੀ ਧਮਕੀ ਮਿਲਣ ਦੇ ਕੀਤੇ ਗਏ ਦਾਅਵੇ ਤੋਂ ਬਾਅਦ, ਭੱਟੀ ਦਾ ਇੱਕ ਆਡੀਓ ਸੰਦੇਸ਼ ਸਾਹਮਣੇ ਆਇਆ ਹੈ। ਇਸ ਆਡੀਓ ਵਿੱਚ ਭੱਟੀ ਨੇ ਸਪੱਸ਼ਟ ਰੂਪ ਵਿੱਚ ਕਮਲਜੀਤ ਬਰਾੜ ਨੂੰ ਧਮਕੀ ਦੇਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।
"ਮੈਂ ਕੋਈ ਧਮਕੀ ਨਹੀਂ ਦਿੱਤੀ": ਸ਼ਹਿਜ਼ਾਦ ਭੱਟੀ
ਆਡੀਓ ਸੰਦੇਸ਼ ਵਿੱਚ ਸ਼ਹਿਜ਼ਾਦ ਭੱਟੀ ਨੇ ਕਿਹਾ ਕਿ ਉਸ ਨੇ ਧਮਕੀ ਵਾਲੀ ਕਾਲ ਰਿਕਾਰਡਿੰਗ ਸੁਣੀ ਹੈ, ਪਰ ਨਾ ਤਾਂ ਉਸ ਨੇ ਅਤੇ ਨਾ ਹੀ ਉਸ ਦੇ ਕਿਸੇ ਬੰਦੇ ਨੇ ਕਮਲਜੀਤ ਬਰਾੜ ਨਾਮ ਦੇ ਕਿਸੇ ਵਿਅਕਤੀ ਨੂੰ ਧਮਕਾਇਆ ਹੈ। ਭੱਟੀ ਨੇ ਦੋਸ਼ ਲਾਇਆ ਕਿ ਕਮਲਜੀਤ ਬਰਾੜ ਆਪਣੇ ਇੰਟਰਵਿਊਆਂ ਵਿੱਚ ਉਸ ਦਾ ਨਾਮ ਵਰਤ ਰਿਹਾ ਹੈ।
ਭੱਟੀ ਨੇ ਕਿਹਾ, "ਹੁਣ ਮੈਨੂੰ ਪਤਾ ਲੱਗਾ ਹੈ ਕਿ ਇਹ ਆਦਮੀ ਕੌਣ ਹੈ ਅਤੇ ਕਿਉਂ ਅਜਿਹਾ ਕਰ ਰਿਹਾ ਹੈ। ਇਹ ਆਦਮੀ ਸਕਿਓਰਟੀ ਲੈਣਾ ਚਾਹੁੰਦਾ ਹੈ ਜਾਂ ਫਿਰ ਮੇਰੇ ਨਾਮ ਨਾਲ ਫੇਮ ਲੈਣਾ ਚਾਹੁੰਦਾ ਹੈ।"
ਡੌਨ ਨੇ ਬਰਾੜ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਇੰਟਰਵਿਊ ਵਿੱਚ ਉਸ (ਭੱਟੀ) ਲਈ ਇਸਤੇਮਾਲ ਕੀਤੀ ਜਾ ਰਹੀ ਸ਼ਬਦਾਵਲੀ 'ਤੇ ਲਗਾਮ ਲਗਾਵੇ। ਉਸ ਨੇ ਕਿਹਾ, "ਪਹਿਲੀ ਗੱਲ ਇਹ ਹੈ ਕਿ ਮੈਂ ਧਮਕੀ ਨਹੀਂ ਦਿੰਦਾ। ਜੇਕਰ ਮੇਰਾ ਇਸ ਨਾਲ ਕੋਈ ਮਸਲਾ ਹੁੰਦਾ ਤਾਂ ਮੈਂ ਇਸ ਦੇ ਗਲੇ 'ਚ ਪੱਟਾ ਪਾ ਦਿੰਦਾ ਤੇ ਫਿਰ ਕਾਲ ਲਗਾਉਂਦਾ।" ਭੱਟੀ ਨੇ ਅੱਗੇ ਕਿਹਾ ਕਿ ਉਸ ਕੋਲ ਕਿਸੇ ਨੂੰ ਕਾਲ ਕਰਨ ਦਾ ਇੰਨਾ ਸਮਾਂ ਨਹੀਂ ਹੈ ਅਤੇ ਨਾ ਹੀ ਇਸ ਨਾਮ ਦੇ ਕਿਸੇ ਆਦਮੀ ਨਾਲ ਉਸ ਦੀ ਕੋਈ ਦੁਸ਼ਮਣੀ ਹੈ।
ਕਮਲਜੀਤ ਬਰਾੜ ਦਾ ਦਾਅਵਾ
ਦੱਸਣਯੋਗ ਹੈ ਕਿ ਬਾਘਾਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ 21 ਦਸੰਬਰ ਨੂੰ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵੱਲੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਇਸ ਦੌਰਾਨ ਕਮਲਜੀਤ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਇਹ ਗੱਲ ਨਾ ਤਾਂ ਸਕਿਓਰਟੀ ਲੈਣ ਲਈ ਕਰ ਰਿਹਾ ਹੈ ਅਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਫੇਮ ਚਾਹੀਦੀ ਹੈ।
ਭੱਟੀ ਨੇ ਫਿਰ ਦਿੱਤਾ ਜਵਾਬ
ਸ਼ਹਿਜ਼ਾਦ ਭੱਟੀ ਨੇ ਇਸ ਮਾਮਲੇ 'ਤੇ ਕਿਹਾ ਹੈ ਕਿ ਉਹ ਕਮਲਜੀਤ ਬਰਾੜ ਨੂੰ ਨਹੀਂ ਜਾਣਦਾ ਅਤੇ ਪਹਿਲੀ ਵਾਰ ਉਸ ਨੇ ਇਸ ਦਾ ਨਾਮ ਸੁਣਿਆ ਹੈ। ਉਸ ਨੇ ਦੁਹਰਾਇਆ, "ਮੈਂ ਬੱਸ ਇਹ ਚਾਹੁੰਦਾ ਹਾਂ ਕਿ ਮੇਰੇ ਨਾਮ ਦਾ ਇਸਤੇਮਾਲ ਸਕਿਓਰਟੀ ਲੈਣ ਦੇ ਲਈ ਨਾ ਕੀਤਾ ਜਾਵੇ। ਮੇਰਾ ਕਿਸੇ ਦੇ ਨਾਲ ਕੋਈ ਮਸਲਾ ਨਹੀਂ ਹੈ।" ਅੰਤ ਵਿੱਚ ਭੱਟੀ ਨੇ ਕਿਹਾ ਕਿ ਜੇਕਰ ਉਹ ਫਿਰ ਵੀ ਨਹੀਂ ਮੰਨਦਾ ਤਾਂ ਉਸ ਨੂੰ ਲੱਗਾ ਰਹਿਣ ਦਿੱਤਾ ਜਾਵੇ ਅਤੇ ਉਸ ਨੇ ਆਪਣੇ ਬੰਦਿਆਂ ਨੂੰ ਵੀ ਇਸ ਵੱਲ ਧਿਆਨ ਨਾ ਦੇਣ ਲਈ ਕਿਹਾ ਹੈ।
Get all latest content delivered to your email a few times a month.