IMG-LOGO
ਹੋਮ ਪੰਜਾਬ: ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਏ.ਆਈ. ਦੀ ਵਰਤੋਂ ਕਰੇਗਾ ਪੰਜਾਬ-...

ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਏ.ਆਈ. ਦੀ ਵਰਤੋਂ ਕਰੇਗਾ ਪੰਜਾਬ- ਗੁਰਮੀਤ ਖੁੱਡੀਆਂ ਵੱਲੋਂ ਆਈ.ਆਈ.ਟੀ. ਰੋਪੜ ਦੇ ਮਾਹਿਰਾਂ ਨਾਲ ਮੀਟਿੰਗ

Admin User - Jan 01, 2026 05:33 PM
IMG

ਚੰਡੀਗੜ੍ਹ, 1 ਜਨਵਰੀ:

ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਜ਼ਰੀਏ ਖੇਤੀਬਾੜੀ ਉਤਪਾਦਨ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਈ.ਆਈ.ਟੀ. ਰੋਪੜ ਵਿਖੇ ਸਥਾਪਿਤ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੀ ਸਹਾਇਤਾ ਨਾਲ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਅਪਨਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇੱਥੇ ਪੰਜਾਬ ਭਵਨ ਵਿਖੇ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਖੇਤੀਬਾੜੀ ਸੈਕਟਰ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਖੇਤੀਬਾੜੀ ਉਤਪਾਦਨ ਅਤੇ ਟਿਕਾਊ ਵਿਕਾਸ ‘ਚ ਵਾਧੇ ਅਤੇ ਰਾਜ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਏਆਈ-ਅਧਾਰਤ ਹੱਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਨਾਉਣ ਬਾਰੇ ਰੋਡਮੈਪ ਉਲੀਕਣ ਸਬੰਧੀ ਚਰਚਾ ਕੀਤੀ ਗਈ।

ਸ. ਖੁੱਡੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਠੋਸ ਸਹਾਇਤਾ ਅਤੇ ਢੁਕਵੇਂ ਲਾਭ ਪ੍ਰਦਾਨ ਕਰਨਾ ਯਕੀਨੀ ਬਣਾਉਣ ਲਈ ਉੱਨਤ ਤਕਨਾਲੋਜੀਆਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਇਸ ਸਬੰਧੀ ਪਾਇਲਟ ਪ੍ਰੋਜੈਕਟ ਲਾਗੂ ਕਰਨ ਅਤੇ ਜ਼ਿਲ੍ਹਿਆਂ ਵਿੱਚ ਏਆਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਆਟੋਮੈਟਿਕ ਵੈਦਰ (ਮੌਸਮ) ਸਟੇਸ਼ਨਾਂ ਦੀ ਸਥਾਪਨਾ, ਫੀਲਡ ਡੇਟਾ ਇਕੱਠਾ ਕਰਨ ਲਈ ਕਿਸਾਨਾਂ ਦੀ ਸ਼ਮੂਲੀਅਤ, ਬਾਗਬਾਨੀ ਕਲੱਸਟਰਾਂ ਨੂੰ ਸਹਾਇਤਾ ਅਤੇ ਏਆਈ-ਅਧਾਰਤ ਪਸ਼ੂਧਨ ਉਤਪਾਦਕਤਾ ਹੱਲਾਂ ਦੇ ਵਿਸਥਾਰ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਖੇਤੀਬਾੜੀ ਮੰਤਰੀ ਨੇ ਆਈਆਈਟੀ ਰੋਪੜ ਵੱਲੋਂ ਖੇਤੀ ਸੈਕਟਰ ਵਿੱਚ ਖੇਤੀਬਾੜੀ ਦੇ ਸਹੀ ਢੰਗ-ਤਕੀਕਿਆਂ ਅਤੇ ਏਆਈ ਦੀ ਢੁਕਵੀਂ ਵਰਤੋਂ ਸਬੰਧੀ ਨੈਸ਼ਨਲ-ਲੈਵਲ ਦੇ ਕੋਰਸ ਸ਼ੁਰੂ ਕਰਨ ਦੀ ਪਹਿਲਕਦਮੀ ਦਾ ਵੀ ਸਵਾਗਤ ਕੀਤਾ, ਜਿਸਦਾ ਉਦੇਸ਼ ਨੌਜਵਾਨਾਂ ਦਾ ਹੁਨਰ ਵਿਕਾਸ ਅਤੇ ਸਰਕਾਰੀ ਅਧਿਕਾਰੀਆਂ ਦੇ ਸਮਰੱਥਾ ਨਿਰਮਾਣ ਵਿੱਚ ਵਾਧਾ ਕਰਨਾ ਹੈ। ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਕਾਰੀਆਂ ਲਈ ਸੀਟਾਂ ਦਾ ਵਿਸ਼ੇਸ਼ ਰਾਖਵਾਂਕਰਨ ਖੇਤੀਬਾੜੀ-ਤਕਨਾਲੋਜੀ ਵਿੱਚ ਰਾਜ ਦੇ ਮਨੁੱਖੀ ਸਰੋਤ ਅਧਾਰ ਨੂੰ ਹੋਰ ਮਜ਼ਬੂਤ ​​ਕਰੇਗਾ।

ਉਨ੍ਹਾਂ ਕਿਹਾ ਕਿ ਇਹ ਸਹਿਯੋਗ ਪੰਜਾਬ ਨੂੰ ਏਆਈ-ਅਧਾਰਤ ਖੇਤੀਬਾੜੀ ਸੁਧਾਰਾਂ ਦੇ ਖੇਤਰ ਵਿੱਚ ਇੱਕ ਮੋਹਰੀ ਅਤੇ ਮਾਡਲ ਰਾਜ ਵਜੋਂ ਸਥਾਪਿਤ ਕਰੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਸਰੋਤ ਕੁਸ਼ਲਤਾ, ਜਲਵਾਯੂ-ਅਨੁਕੂਲਤਾ ਅਤੇ ਟਿਕਾਊ ਵਿਕਾਸ ਵਿੱਚ ਮਹੱਤਵਪੂਰਨ ਵਾਧਾ ਹੋਣ ਦੀ ਉਮੀਦ ਹੈ।

ਮੀਟਿੰਗ ਦੌਰਾਨ ਆਈਆਈਟੀ, ਰੋਪੜ ਦੇ ਐਸੋਸੀਏਟ ਪ੍ਰੋਫੈਸਰ ਡਾ. ਪੁਸ਼ਪੇਂਦਰ ਪੀ ਸਿੰਘ ਨੇ ਸੈਂਟਰ ਆਫ ਐਕਸੀਲੈਂਸ, ਜਿਸ ਲਈ ਭਾਰਤ ਸਰਕਾਰ ਵੱਲੋਂ ਲਗਭਗ 310 ਕਰੋੜ ਰੁਪਏ ਦਾ ਉਪਬੰਧ ਕੀਤਾ ਹੈ, ਦੇ ਅਧੀਨ ਮੁੱਖ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ, ਜਿਸ ਵਿੱਚ ਏਆਈ-ਅਧਾਰਤ ਫਸਲ ਸਲਾਹਕਾਰ ਪ੍ਰਣਾਲੀਆਂ, ਬਹੁ-ਭਾਸ਼ਾਈ ਕਿਸਾਨ ਚੈਟਬੋਟਸ, ਫਸਲਾਂ ਦੇ ਡਿਜੀਟਲ ਟਵਿਨਸ, ਉਪਜ ਅਨੁਮਾਨ ਮਾਡਲ, ਮਿੱਟੀ ਸਿਹਤ ਵਿਸ਼ਲੇਸ਼ਣ, ਮੌਸਮ ਇੰਟੈਲੀਜੈਂਸ ਟੂਲ ਅਤੇ ਸਮਾਰਟ ਪਸ਼ੂਧਨ ਪ੍ਰਬੰਧਨ ਐਪਲੀਕੇਸ਼ਨ ਸ਼ਾਮਲ ਹਨ।

ਇਸ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਅਰਸ਼ਦੀਪ ਸਿੰਘ ਥਿੰਦ, ਐਮਡੀ ਪੰਜਾਬ ਐਗਰੋ ਹਰਗੁਣਜੀਤ ਕੌਰ, ਡਾਇਰੈਕਟਰ ਖੇਤੀਬਾੜੀ ਵਿਭਾਗ ਜਸਵੰਤ ਸਿੰਘ, ਡਾਇਰੈਕਟਰ ਪਸ਼ੂ ਪਾਲਣ ਪਰਮਦੀਪ ਸਿੰਘ ਵਾਲੀਆ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.