ਤਾਜਾ ਖਬਰਾਂ
ਪਟਿਆਲਾ ਪੁਲਿਸ ਨੇ ਸੰਗਠਿਤ ਅਪਰਾਧਾਂ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕਰਦਿਆਂ ਕਤਲ, ਫਿਰੌਤੀ, ਟਾਰਗੇਟ ਕਿਲਿੰਗ ਅਤੇ ਗੈਂਗਵਾਰ ਵਰਗੀਆਂ ਗੰਭੀਰ ਵਾਰਦਾਤਾਂ ਵਿੱਚ ਸ਼ਾਮਲ ਇੱਕ ਖਤਰਨਾਕ 9 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਦੇਸੀ ਅਤੇ ਵਿਦੇਸ਼ੀ ਪਿਸਤੌਲ ਅਤੇ 19 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਅਤੇ ਸੀਨੀਅਰ ਕਪਤਾਨ ਪੁਲਿਸ ਵਰੁਣ ਸ਼ਰਮਾ ਆਈ.ਪੀ.ਐਸ. ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਅਨੁਸਾਰ ਇੰਸਪੈਕਟਰ ਜਸਪ੍ਰੀਤ ਸਿੰਘ (ਥਾਣਾ ਕੋਤਵਾਲੀ), ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ (ਇੰਚਾਰਜ CIA ਸਟਾਫ) ਅਤੇ ਐਸ.ਆਈ. ਗੁਰਪਿੰਦਰ ਸਿੰਘ (ਥਾਣਾ ਸਬਜ਼ੀ ਮੰਡੀ) ਦੀਆਂ ਟੀਮਾਂ ਨੇ NIS ਚੌਂਕ, ਪਟਿਆਲਾ ਨੇੜੇ ਨਾਕਾਬੰਦੀ ਦੌਰਾਨ ਮੁਖਬਰੀ ਦੇ ਆਧਾਰ ’ਤੇ ਡਕਾਲਾ ਚੁੰਗੀ ਕੋਲ NIS ਦੇ ਖੰਡਰ ਕਵਾਟਰਾਂ ’ਚ ਛਾਪੇਮਾਰੀ ਕੀਤੀ। ਇਸ ਦੌਰਾਨ ਗੈਂਗ ਦੇ ਮੈਂਬਰ ਕਿਸੇ ਵੱਡੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਗੁਰਪ੍ਰੀਤ ਦੰਗਲ ਕੋਲੋਂ 7 ਪਿਸਤੌਲ (.32 ਬੋਰ), ਡਿੰਪਲ ਕੋਸਲ ਕੋਲੋਂ 2 ਪਿਸਤੌਲ (.32 ਬੋਰ) ਅਤੇ ਧਰੁਵ ਕੋਲੋਂ ਇੱਕ ਵਿਦੇਸ਼ੀ ਪਿਸਤੌਲ PX5 (.30 ਬੋਰ) ਬਰਾਮਦ ਹੋਇਆ। ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਇਸ ਗੈਂਗ ਦਾ ਸਰਗਨਾ ਬੋਬੀ ਮਾਹੀ ਪੁੱਤਰ ਰਾਜਿੰਦਰ ਕੁਮਾਰ, ਵਾਸੀ ਤਫੱਜਲਪੁਰਾ ਹੈ, ਜੋ ਇਸ ਸਮੇਂ ਵਿਦੇਸ਼ ਵਿੱਚ ਲੁਕਿਆ ਹੋਇਆ ਹੈ ਅਤੇ ਕਤਲ, ਫਿਰੌਤੀ ਤੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਗੈਂਗ ਨੂੰ ਚਲਾ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 8 ਮੁਲਜ਼ਮਾਂ ਵਿੱਚੋਂ 6 ਮੁਲਜ਼ਮ 28 ਦਸੰਬਰ 2025 ਨੂੰ ਥਾਣਾ ਕੋਤਵਾਲੀ ਪਟਿਆਲਾ ਦੇ ਏਰੀਆ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਵੀ ਸ਼ਾਮਲ ਰਹੇ ਹਨ, ਜਿਸ ਸਬੰਧੀ FIR ਨੰਬਰ 261 ਮਿਤੀ 29-12-2025 ਨੂੰ ਪਹਿਲਾਂ ਹੀ ਦਰਜ ਹੈ।
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਦੰਗਲ (ਗੋਪਾਲ ਕਲੋਨੀ), ਡਿੰਪਲ ਕੋਸਲ ਉਰਫ ਡਿੰਪੀ (ਨਿਊ ਮਹਿੰਦਰਾ ਕਲੋਨੀ), ਧਰੁਵ (ਨਿਊ ਮਹਿੰਦਰਾ ਕਲੋਨੀ), ਪ੍ਰਥਮ ਉਰਫ ਚਾਹਤ (ਸੰਜੇ ਕਲੋਨੀ), ਸਚਿਨ ਗੁਪਤਾ (ਪ੍ਰੇਮ ਕਲੋਨੀ), ਦੀਪਾਸ਼ ਉਰਫ ਦੀਸੂ (ਨਿਊ ਮਹਿੰਦਰਾ ਕਲੋਨੀ), ਹਸਨਪ੍ਰੀਤ ਸਿੰਘ ਉਰਫ ਹੁਸਨ (ਪਿੰਡ ਥੂਹਾ) ਅਤੇ ਸ਼ੌਕਤ ਅਲੀ ਉਰਫ (ਡਾਲੀਮਾ ਵਿਹਾਰ, ਰਾਜਪੁਰਾ) ਵਜੋਂ ਹੋਈ ਹੈ।
ਪੁਲਿਸ ਵੱਲੋਂ ਗੈਂਗ ਦੇ ਹੋਰ ਸਬੰਧਾਂ ਅਤੇ ਸਰਗਨਾ ਬੋਬੀ ਮਾਹੀ ਦੀ ਗ੍ਰਿਫਤਾਰੀ ਲਈ ਅੱਗੇ ਦੀ ਕਾਰਵਾਈ ਜਾਰੀ ਹੈ।
Get all latest content delivered to your email a few times a month.