IMG-LOGO
ਹੋਮ ਪੰਜਾਬ: ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ “ਗੰਗਾ...

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ “ਗੰਗਾ ਸਾਗਰ” ਬਾਰੇ ਇਤਿਹਾਸਕ ਪੁਸਤਕ 2 ਜਨਵਰੀ ਨੂੰ ਰਾਏਕੋਟ ਜੋੜ ਮੇਲੇ ਦੌਰਾਨ ਸੰਗਤ ਅਰਪਨ ਹੋਵੇਗੀ

Admin User - Jan 01, 2026 04:49 PM
IMG

ਰਾਏਕੋਟ/ਲੁਧਿਆਣਾ : 1 ਜਨਵਰੀ

ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ  ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨਾਂ ਦੌਰਾਨ  ਰਾਏਕੋਟ ਠਹਿਰ ਵੇਲੇ ਰਾਏਕੋਟ ਦੇ ਹਾਕਮ ਰਾਏ ਕੱਲ੍ਹਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਬਖ਼ਸੇ “ ਪਵਿੱਤਰ ਗੰਗਾ ਸਾਗਰ “ ਬਾਰੇ ਰਾਏ ਅਜ਼ੀਜ਼ ਉਲਾ ਖਾਂ ਸਾਹਿਬ ਵੱਲੋਂ ਮੁਹੱਈਆ ਕਰਵਾਏ ਦਸਤਾਵੇਜ਼ਾਂ ਤੇ ਆਧਾਰਿਤ ਪੁਸਤਕ 2 ਜਨਵਰੀ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੰਗਤ ਅਰਪਨ ਕਰਨਗੇ। 

ਇਹ ਕਿਤਾਬ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ “ਦਸਮੇਸ਼ ਪਿਤਾ ਬਖ਼ਸ਼ਿਸ਼: ਪਵਿੱਤਰ ਗੰਗਾ ਸਾਗਰ – ਸੁੱਚੀ ਸੇਵਾ ਸੰਭਾਲ”  ਸਿਰਲੇਖ ਵਾਲੀ ਇਹ ਪੁਸਤਕ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਪ੍ਰੋ. ਗੁਰਦੇਵ ਸਿੰਘ ਸਿੱਧੂ ਵੱਲੋਂ ਲਿਖੀ ਗਈ ਹੈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਆਗਮਨ, ਰਾਇ ਕਲ੍ਹਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਅਤੁੱਲ ਸੇਵਾ, ਅਤੇ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਦੇ ਅਧਿਆਤਮਿਕ ਅਤੇ ਇਤਿਹਾਸਕ ਮਹੱਤਵ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ। ਇਸ  ਕਿਤਾਬ ਦਾ ਮੁੱਖਬੰਧ ਵੀ ਪ੍ਰੋ ਗੁਰਭਜਨ ਗਿੱਲ ਨੇ ਲਿਖਿਆ ਹੈ। ਗੰਗਾ ਸਾਗਰ 17ਵੀਂ ਸਦੀ ਦਾ ਧਾਤ ਦਾ ਪੁਰਾਤਨ ਸੁਰਾਹੀਨੁਮਾ ਬਰਤਨ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ ਵਜੋਂ ਅਤਿ ਆਦਰ ਨਾਲ  ਰਾਏ ਕੱਲ੍ਹਾ ਪਰਿਵਾਰ ਵੱਲੋਂ ਅੱਜ ਤੀਕ ਸੰਭਾਲਿਆ ਜਾ ਰਿਹਾ ਹੈ। ਇਸ ਦੀ ਸੰਭਾਲ ਇਸ ਸਮੇਂ ਰਾਏ ਕੱਲ੍ਹਾ ਜੀ ਦੇ ਵਾਰਸ ਰਾਇ ਅਜ਼ੀਜ਼ ਉੱਲਾ ਖ਼ਾਨ, ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੇ ਸਪੁੱਤਰ ਰਾਏ ਮੁਹੰਮਦ ਅਲੀ ਵੱਲੋਂ ਸ਼ਰਧਾ  ਅਤੇ ਜ਼ਿੰਮੇਵਾਰੀ ਨਾਲ ਕੀਤੀ ਜਾ ਰਹੀ ਹੈ।

ਇਤਿਹਾਸਕ ਰਿਕਾਰਡ ਦਰਸਾਉਂਦੇ ਹਨ ਕਿ ਰਾਏਕੋਟ ਤੋਂ ਵਿਦਾ ਲੈਂਦੇ ਸਮੇਂ, ਰਾਇ ਕੱਲ੍ਹਾ ਵੱਲੋਂ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਨ ਜੋਖ਼ਮ ਵਿੱਚ ਪਾ ਕੇ ਕੀਤੀ ਗਈ ਨਿਰਸਵਾਰਥ ਸੇਵਾ ਤੋਂ ਪ੍ਰਸੰਨ ਹੋ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਗੰਗਾ ਸਾਗਰ, ਇਕ ਤਲਵਾਰ ਅਤੇ ਇਕ ਰਿਹਲ (ਪਾਠ ਲਈ ਲੱਕੜੀ ਦਾ ਸਟੈਂਡ) ਨਿੱਜੀ ਤੌਰ ’ਤੇ ਬਖ਼ਸ਼ੀਸ਼ ਵਜੋਂ ਭੇਟ ਕੀਤੇ ਸਨ ।

ਰਾਇ ਅਜ਼ੀਜ਼ ਉੱਲਾ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਰਾਇ ਮੁਹੰਮਦ ਅਲੀ ਖ਼ਾਨ, ਜੋ ਇਸ ਵੇਲੇ ਕੈਨੇਡਾ ਵਿੱਚ ਵੱਸਦੇ ਹਨ, ਨੇ ਇਸ ਇਤਿਹਾਸਕ ਪੁਸਤਕ ਲਈ ਪ੍ਰੋ. ਗੁਰਦੇਵ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਇਸ ਪੁਸਤਕ ਦੇ ਉੱਦਮ ਲਈ ਪ੍ਰੋ ਗੁਰਭਜਨ ਗਿੱਲ ਅਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦਾ ਵੀ ਸ਼ੁਕਰੀਆ ਅਦਾ  ਕੀਤਾ ਹੈ । 

ਦੋਹਾਂ ਪਿਓ -ਪੁੱਤਾਂ ਨੇ ਰਾਏਕੋਟ ਜੋੜ ਮੇਲੇ ਦੇ ਮੌਕੇ ’ਤੇ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ ਜਿੰਨ੍ਹਾ ਨੇ ਸਾਨੂੰ ਪ੍ਰੇਰਨਾ ਦੇ ਕੇ ਇਹ ਕਾਰਜ ਕਰਨ ਦਾ ਉੱਦਮ ਬਖ਼ਸ਼ਿਆ ਹੈ। 

ਇਹ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਗਟ ਕੀਤੀਆਂ ਮਨੁੱਖੀ ਕਦਰਾਂ ਕੀਮਤਾਂ —ਸਾਹਸ, ਸੇਵਾ, ਧਰਮ-ਨਿਰਪੱਖ  ਸਾਂਝ ਅਤੇ ਇਨਸਾਫ਼—ਬਾਰੇ ਚੇਤਨਾ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਗਾਉਂਦੀ ਹੈ।

ਰਾਏਕੋਟ ਤੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਹਬੰਧਕ ਕਮੇਟੀ ਸ. ਜਗਜੀਤ ਸਿੰਘ ਤਲਵੰਡੀ, ਰਾਏਕੋਟ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਵਿਵੇਕ ਵਿੱਕੀ ਕੌੜਾ ਤੇ ਡਾ. ਰਮੇਸ਼ ਸਦਾਵਰਤੀ ਨੇ ਰਾਏ ਅਜ਼ੀਜ਼ ਉਲਾ ਖਾਂ ਸਾਹਿਬ ਦਾ ਇਹ ਮਹੱਤਵਪੂਰਨ ਖੋਜ ਪੁਸਤਕ ਤਿਆਰ ਕਰਵਾਉਣ ਲਈ ਧੰਨਵਾਦ ਕੀਤਾ ਹੈ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ  ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬ ਸਰਕਾਰ ਸਥਾਨਕ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਹਬੰਧਕ  ਕਮੇਟੀ ਨੂੰ ਅਪੀਲ ਕੀਤੀ ਹੈ ਕਿ ਰਾਏ ਕੱਲ੍ਹਾ ਜੀ ਦੀ ਦਸਮੇਸ਼ ਪਿਤਾ ਜੀ ਲਈ ਸਮਰਪਿਤ ਨਿਰਸਵਾਰਥ ਸੇਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਏਕੋਟ ਵਿੱਚ ਲਾਇਬਰੇਰੀ ਵਰਗੀ ਕੋਈ ਯੋਗ ਯਾਦਗਾਰ ਸਥਾਪਤ ਕੀਤੀ ਜਾਵੇ ਜਿਸ ਤੋਂ ਇਲਾਕਾ ਨਿਵਾਸੀ ਪ੍ਰੇਰਨਾ ਤੇ ਜੀਵਨ ਸੇਧ ਲੈ ਸਕਣ। ਮੇਰੀ ਜਾਣਕਾਰੀ ਮੁਤਾਬਕ ਇਸ ਕਾਰਜ ਲਈ ਕਈ ਸਾਲ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੇ ਨਗਰ ਕੌਂਸਲ ਤੋਂ ਥਾਂ ਵੀ ਰਾਖਵੀਂ ਕਰਵਾਈ ਸੀ ਅਤੇ ਕੁਝ ਗਰਾਂਟ ਵੀ ਜਾਰੀ ਕੀਤੀ ਸੀ। ਉਸ ਦੀ ਪੈਰਵੀ ਕੀਤੀ ਜਾ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.