ਤਾਜਾ ਖਬਰਾਂ
ਨਵੇਂ ਸਾਲ ਦੇ ਸ਼ੁਭ ਅਵਸਰ ’ਤੇ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ, ਪੰਜਾਬ ਦੀ ਤਰੱਕੀ ਅਤੇ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਸਮੂਹ ਸਿੱਖ ਸੰਗਤਾਂ ਸਮੇਤ ਸਾਰੇ ਪੰਜਾਬ ਵਾਸੀਆਂ ਲਈ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਧਾਲੀਵਾਲ ਨੇ ਕਿਹਾ ਕਿ ਨਵਾਂ ਸਾਲ ਹਰ ਕਿਸੇ ਦੇ ਜੀਵਨ ਵਿੱਚ ਖੁਸ਼ੀਆਂ, ਤਰੱਕੀ ਅਤੇ ਨਵੀਂ ਉਮੀਦ ਲੈ ਕੇ ਆਵੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਪੰਜਾਬ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਹੜਾਂ ਕਾਰਨ ਰਾਜ ਨੂੰ ਭਾਰੀ ਨੁਕਸਾਨ ਹੋਇਆ। ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋਏ ਅਤੇ ਲੋਕਾਂ ਦੀ ਜਿੰਦਗੀ ’ਤੇ ਇਸ ਦਾ ਡੂੰਘਾ ਅਸਰ ਪਿਆ। ਉਨ੍ਹਾਂ ਕਿਹਾ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਤੌਰ ’ਤੇ ਹੜ ਪੀੜਤ ਪਰਿਵਾਰਾਂ ਲਈ ਅਰਦਾਸ ਕਰਨ ਆਏ ਹਨ ਤਾਂ ਜੋ ਪਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਵੇ ਅਤੇ ਉਨ੍ਹਾਂ ਦੀ ਜ਼ਿੰਦਗੀ ਮੁੜ ਪਟੜੀ ’ਤੇ ਆ ਸਕੇ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਬਹਾਦਰੀ, ਮਿਹਨਤ ਅਤੇ ਭਾਈਚਾਰੇ ਦੀ ਮਿਸਾਲ ਰਹੀ ਹੈ ਅਤੇ ਮੁਸ਼ਕਲ ਸਮਿਆਂ ਵਿੱਚ ਪੰਜਾਬੀ ਇਕ ਦੂਜੇ ਦਾ ਸਹਾਰਾ ਬਣਦੇ ਹਨ। ਉਨ੍ਹਾਂ ਨੇ ਆਸ ਜਤਾਈ ਕਿ ਆਉਣ ਵਾਲਾ ਸਾਲ ਪੰਜਾਬ ਲਈ ਤਰੱਕੀ, ਖੁਸ਼ਹਾਲੀ ਅਤੇ ਅਮਨ-ਸ਼ਾਂਤੀ ਲੈ ਕੇ ਆਵੇਗਾ ਅਤੇ ਸਾਰੇ ਲੋਕ ਇਕੱਠੇ ਹੋ ਕੇ ਰਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ।
Get all latest content delivered to your email a few times a month.