ਤਾਜਾ ਖਬਰਾਂ
ਸੰਸਦ ਦੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ (ਉਦਯੋਗ) ਦੇ ਅਧਿਐਨ ਦੌਰੇ 'ਤੇ ਅੰਮ੍ਰਿਤਸਰ ਪਹੁੰਚੇ ਰਾਜ ਸਭਾ ਮੈਂਬਰਾਂ ਦੇ ਇੱਕ ਵਫ਼ਦ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਲਗਭਗ 20 ਰਾਜ ਸਭਾ ਮੈਂਬਰਾਂ ਨੇ ਗੁਰੂ ਘਰ ਵਿੱਚ ਹਾਜ਼ਰੀ ਭਰ ਕੇ ਪੰਜਾਬ ਦੀ ਚੜ੍ਹਦੀ ਕਲਾ, ਅਮਨ-ਚੈਨ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
ਉਦਯੋਗਿਕ ਸਥਿਤੀ ਦਾ ਅਧਿਐਨ ਕਰਨਾ ਮੁੱਖ ਉਦੇਸ਼
ਰਾਜ ਸਭਾ ਮੈਂਬਰ ਨੀਰਜ ਡਾਂਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਤੌਰ 'ਤੇ ਇਸ ਦੌਰੇ 'ਤੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੁੱਖ ਮਕਸਦ ਪੰਜਾਬ ਵਿੱਚ ਉਦਯੋਗਕ ਸਥਿਤੀ ਦਾ ਅਧਿਐਨ ਕਰਨਾ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਗਰੀਬ ਅਤੇ ਨੌਜਵਾਨਾਂ ਨੂੰ ਉਦਯੋਗਪਤੀ ਬਣਨ ਦੇ ਮੌਕੇ ਮਿਲ ਸਕਣ। ਡਾਂਗੀ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜੀਵਨ ਦਾ ਅਨਮੋਲ ਅਨੁਭਵ ਦੱਸਿਆ।
'ਪੰਜਾਬ ਕੁਰਬਾਨੀਆਂ ਅਤੇ ਦਲੇਰੀ ਦੀ ਪ੍ਰਤੀਕ'
ਇਸ ਮੌਕੇ ਰਾਜ ਸਭਾ ਮੈਂਬਰ ਹਨੁਮਾਨ ਬੈਨੀਵਾਲ ਨੇ ਪੰਜਾਬ ਨੂੰ ਕੁਰਬਾਨੀਆਂ ਅਤੇ ਦਲੇਰੀ ਦੀ ਧਰਤੀ ਦੱਸਿਆ। ਉਨ੍ਹਾਂ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਸਮੇਤ ਆਜ਼ਾਦੀ ਦੇ ਸੰਗਰਾਮ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ। ਵਫ਼ਦ ਵੱਲੋਂ ਇਸ ਦੌਰੇ ਦੌਰਾਨ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ।
ਨਸ਼ਿਆਂ ਦੀ ਸਮੱਸਿਆ 'ਤੇ ਚਿੰਤਾ ਪ੍ਰਗਟਾਈ
ਰਾਜ ਸਭਾ ਮੈਂਬਰਾਂ ਨੇ ਪੰਜਾਬ ਵਿੱਚ ਵਧ ਰਹੀ ਨਸ਼ੇ ਦੀ ਸਮੱਸਿਆ 'ਤੇ ਗਹਿਰੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਗੁਰੂ ਘਰ ਵਿੱਚ ਅਰਦਾਸ ਕੀਤੀ ਹੈ ਕਿ ਪੰਜਾਬ ਨਸ਼ਾ ਮੁਕਤ ਬਣੇ ਅਤੇ ਇੱਥੋਂ ਦੇ ਨੌਜਵਾਨ ਅਤੇ ਕਿਸਾਨ ਵਰਗ ਤਰੱਕੀ ਦੇ ਰਾਹ 'ਤੇ ਅੱਗੇ ਵਧਣ।
ਵਫ਼ਦ ਦੇ ਕੁਝ ਮੈਂਬਰਾਂ ਨੇ ਇਸ ਦੌਰੇ ਦੌਰਾਨ ਅਟਾਰੀ ਸਰਹੱਦ 'ਤੇ ਰਿਟਰੀਟ ਸਮਾਰੋਹ ਵੀ ਦੇਖਿਆ। ਸਮੁੱਚੇ ਵਫ਼ਦ ਨੇ ਅੰਮ੍ਰਿਤਸਰ ਦੌਰੇ ਨੂੰ ਉਦਯੋਗਿਕ ਚਰਚਾ ਦੇ ਨਾਲ-ਨਾਲ ਗੁਰੂਆਂ ਦੀ ਪਵਿੱਤਰ ਧਰਤੀ 'ਤੇ ਨਤਮਸਤਕ ਹੋਣ ਦਾ ਵੱਡਾ ਸੁਭਾਗ ਦੱਸਿਆ।
Get all latest content delivered to your email a few times a month.