ਤਾਜਾ ਖਬਰਾਂ
ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਇਲਾਕੇ ਵਿੱਚ ਕੱਲ ਦੁਪਹਿਰ 3:00 ਵਜੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਦਾ ਖ਼ਤਰਨਾਕ ਨਜ਼ਾਰਾ ਦੇਖਣ ਨੂੰ ਮਿਲਿਆ। ਸਿੱਧਵਾ ਬੇਟ ਰੋਡ 'ਤੇ ਇੱਕ ਤੇਜ਼ ਰਫ਼ਤਾਰ ਟਰੱਕ ਦੇ ਪਲਟਣ ਕਾਰਨ ਹੇਠਾਂ ਆਉਣ ਨਾਲ ਦੋ ਮਾਸੂਮ ਬੱਚੇ, ਜਿਨ੍ਹਾਂ ਦੀ ਪਛਾਣ 5 ਸਾਲਾ ਗੋਪਾਲ ਅਤੇ 7 ਸਾਲਾ ਪਿੰਕੀ ਵਜੋਂ ਹੋਈ ਹੈ, ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਦਰਦਨਾਕ ਹਾਦਸੇ ਨੇ ਸਥਾਨਕ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮ੍ਰਿਤਕ ਬੱਚੇ ਆਪਸ ਵਿੱਚ ਭੈਣ-ਭਰਾ ਸਨ, ਜਿਨ੍ਹਾਂ ਦੀ ਬੇਵਕਤੀ ਮੌਤ ਨੇ ਪੂਰੇ ਪਰਿਵਾਰ ਵਿੱਚ ਮਾਤਮ ਪਸਾਰ ਦਿੱਤਾ ਹੈ।
ਹਾਦਸੇ ਮਗਰੋਂ ਡਰਾਈਵਰ ਨੇ ਵਰਤੀ ਕਾਇਰਤਾ
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੇ ਕਾਇਰਤਾ ਦਿਖਾਈ। ਉਹ ਗੱਡੀ ਛੱਡ ਕੇ, ਟਰੱਕ ਦਾ ਸ਼ੀਸ਼ਾ ਤੋੜ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਸੂਚਨਾ ਮਿਲਣ 'ਤੇ ਜਗਰਾਉਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਮਾਸੂਮਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕਰ ਲਿਆ ਹੈ ਅਤੇ ਫ਼ਰਾਰ ਡਰਾਈਵਰ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੇ ਅਜਿਹੇ ਹਾਦਸੇ ਸੜਕਾਂ 'ਤੇ ਵੱਡੇ ਵਾਹਨਾਂ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਾ ਹੋਣ ਦੀ ਤਸਵੀਰ ਪੇਸ਼ ਕਰਦੇ ਹਨ, ਜਿਸ ਲਈ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ।
Get all latest content delivered to your email a few times a month.