IMG-LOGO
ਹੋਮ ਪੰਜਾਬ: ਐਸਐਸਪੀ ਡਾ. ਜੋਤੀ ਯਾਦਵ ਬੈਂਸ ਦੀ ਯੋਗ ਅਗਵਾਈ ਹੇਠ ਖੰਨਾ...

ਐਸਐਸਪੀ ਡਾ. ਜੋਤੀ ਯਾਦਵ ਬੈਂਸ ਦੀ ਯੋਗ ਅਗਵਾਈ ਹੇਠ ਖੰਨਾ ਪੁਲਿਸ ਨੇ ਸਾਲ 2025 'ਚ ਬਣਾਇਆ ਨਵਾਂ ਰਿਕਾਰਡ

Admin User - Dec 30, 2025 06:33 PM
IMG

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ਿਆਂ ਅਤੇ ਅਪਰਾਧਾਂ ਖਿਲਾਫ ਦਿੱਤੇ ਗਏ ਸਖ਼ਤ ਤੇ ਸਪਸ਼ਟ ਨਿਰਦੇਸ਼ਾਂ ਦੇ ਤਹਿਤ ਪੁਲਿਸ ਜਿਲ੍ਹਾ ਖੰਨਾ ਨੇ ਸਾਲ 2025 ਦੌਰਾਨ ਬੇਹੱਦ ਸ਼ਾਨਦਾਰ ਅਤੇ ਇਤਿਹਾਸਕ ਕਾਰਗੁਜ਼ਾਰੀ ਦਰਜ ਕੀਤੀ ਹੈ। ਨਸ਼ਾ ਤਸਕਰੀ, ਸੰਗੀਨ ਅਪਰਾਧਾਂ, ਗੈਰਕਾਨੂੰਨੀ ਅਸਲੇ ਅਤੇ ਭਗੌੜਿਆਂ ਖਿਲਾਫ ਕੀਤੀ ਗਈ ਲਗਾਤਾਰ ਕਾਰਵਾਈ ਕਾਰਨ ਖੰਨਾ ਪੁਲਿਸ ਦੀ ਕਾਰਗੁਜ਼ਾਰੀ ਅੱਜ ਲੋਕਾਂ ਲਈ ਭਰੋਸੇ ਦੀ ਮਿਸਾਲ ਬਣ ਗਈ ਹੈ। ਅਜਿਹਾ ਐਸਐਸਪੀ ਡਾ. ਜੋਤੀ ਯਾਦਵ ਬੈਂਸ (ਆਈਪੀਐਸ) ਦੀ ਯੋਗ ਅਗਵਾਈ ਸਦਕਾ ਹੋਇਆ। 

ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਪੁਲਿਸ ਜਿਲ੍ਹਾ ਖੰਨਾ ਦੇ ਐਸਐਸਪੀ ਡਾ. ਜੋਤੀ ਯਾਦਵ ਬੈਂਸ (ਆਈਪੀਐਸ) ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੀ “ਜ਼ੀਰੋ ਟਾਲਰੈਂਸ” ਨੀਤੀ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਦੇ ਹੋਏ ਖੰਨਾ ਪੁਲਿਸ ਨੇ ਨਸ਼ਿਆਂ ਖਿਲਾਫ ਬੇਰੋਕ ਤੇ ਨਿਰੰਤਰ ਮੁਹਿੰਮ ਚਲਾਈ, ਜਿਸਦੇ ਨਤੀਜੇ ਸਾਲ 2025 ਵਿੱਚ ਸਾਫ਼ ਤੌਰ ‘ਤੇ ਨਜ਼ਰ ਆਏ ਹਨ।

ਐਸਐਸਪੀ ਨੇ ਦੱਸਿਆ ਕਿ ਪੁਲਿਸ ਜਿਲ੍ਹਾ ਖੰਨਾ ਅੰਦਰ ਤਿੰਨ ਸਬ ਡਵੀਜ਼ਨਾਂ ਖੰਨਾ, ਪਾਇਲ ਅਤੇ ਸਮਰਾਲਾ ਹਨ, ਜਿਨ੍ਹਾਂ ਦੇ ਅਧੀਨ ਸਦਰ ਥਾਣਾ ਖੰਨਾ, ਸਿਟੀ ਥਾਣਾ ਖੰਨਾ, ਸਿਟੀ ਥਾਣਾ-2, ਪਾਇਲ, ਮਲੌਦ, ਦੋਰਾਹਾ, ਸਮਰਾਲਾ ਅਤੇ ਮਾਛੀਵਾੜਾ ਸਾਹਿਬ ਸਮੇਤ ਕੁੱਲ 8 ਪੁਲਿਸ ਸਟੇਸ਼ਨ ਕੰਮ ਕਰ ਰਹੇ ਹਨ। ਇਨ੍ਹਾਂ ਸਾਰੇ ਥਾਣਿਆਂ ਨੇ ਇਕਜੁੱਟ ਹੋ ਕੇ ਅਪਰਾਧੀਆਂ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਕੀਤੀ।


ਉਨ੍ਹਾਂ ਦੱਸਿਆ ਕਿ ਸਾਲ 2025 ਦੌਰਾਨ ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ 719 ਕੇਸ ਦਰਜ ਕਰਕੇ 1250 ਛੋਟੇ ਤੇ ਵੱਡੇ ਨਸ਼ਾ ਤਸਕਰ ਕਾਬੂ ਕੀਤੇ ਗਏ। ਜਦਕਿ ਸਾਲ 2024 ਵਿੱਚ ਨਸ਼ਾ ਤਸਕਰੀ ਦੇ 246 ਕੇਸ ਦਰਜ ਹੋਏ ਸਨ ਅਤੇ 332 ਨਸ਼ਾ ਤਸਕਰ ਫੜੇ ਗਏ ਸਨ। ਇਹ ਅੰਕੜੇ ਸਾਫ਼ ਸਾਬਤ ਕਰਦੇ ਹਨ ਕਿ 2025 ਵਿੱਚ ਨਸ਼ਿਆਂ ਖਿਲਾਫ ਮੁਹਿੰਮ ਕਈ ਗੁਣਾ ਤੇਜ਼ ਹੋਈ।


ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਖੰਨਾ ਪੁਲਿਸ ਵੱਲੋਂ 8 ਕਿੱਲੋ 268 ਗ੍ਰਾਮ 62 ਮਿਲੀਗ੍ਰਾਮ ਹੈਰੋਇਨ, 12 ਕਿੱਲੋ 240 ਗ੍ਰਾਮ ਅਫੀਮ, 12 ਕੁਇੰਟਲ 59 ਕਿੱਲੋ ਭੁੱਕੀ, 526 ਗ੍ਰਾਮ 71 ਮਿਲੀਗ੍ਰਾਮ ਨਸ਼ੀਲਾ ਪਾਊਡਰ, 25 ਕਿੱਲੋ 575 ਗ੍ਰਾਮ ਗਾਂਜਾ, 14 ਗ੍ਰਾਮ 5 ਮਿਲੀਗ੍ਰਾਮ ਸਮੈਕ, 40 ਕਿੱਲੋ ਕਾਲੀ ਖਸਖਸ, 20 ਕਿੱਲੋ 1 ਗ੍ਰਾਮ 94 ਮਿਲੀਗ੍ਰਾਮ ਆਈਸ ਡਰੱਗ, 1082 ਨਸ਼ੀਲੇ ਕੈਪਸੂਲ, 21 ਹਜ਼ਾਰ ਤੋਂ ਵੱਧ ਗੋਲੀਆਂ, 100 ਟੀਕੇ, 20 ਸ਼ੀਸ਼ੀਆਂ ਅਤੇ 190 ਭੁੱਕੀ ਦੇ ਪੌਦੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੀ 31 ਲੱਖ 91 ਹਜ਼ਾਰ 230 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ।


ਨਸ਼ਾ ਤਸਕਰੀ ਨਾਲ ਜੁੜੇ ਮੈਡੀਕਲ ਸਟੋਰਾਂ ਖਿਲਾਫ ਵੀ ਖੰਨਾ ਪੁਲਿਸ ਨੇ ਸਖ਼ਤ ਰੁਖ ਅਪਣਾਇਆ। ਤਿੰਨ ਮੈਡੀਕਲ ਸਟੋਰ ਮਾਲਕਾਂ ਖਿਲਾਫ ਕੇਸ ਦਰਜ ਕੀਤੇ ਗਏ, ਇਕ ਦਾ ਲਾਇਸੰਸ ਰੱਦ ਕਰਵਾਇਆ ਗਿਆ ਅਤੇ ਦੋ ਦੁਕਾਨਾਂ ਨੂੰ ਸੀਲ ਕੀਤਾ ਗਿਆ। ਇਸਦੇ ਨਾਲ ਹੀ ਕਮਰਸ਼ੀਅਲ ਰਿਕਵਰੀ ਦੇ 24 ਕੇਸ ਦਰਜ ਕਰਕੇ 51 ਵੱਡੇ ਨਸ਼ਾ ਤਸਕਰ ਕਾਬੂ ਕੀਤੇ ਗਏ, ਜਦਕਿ 2024 ਵਿੱਚ ਇਹ ਗਿਣਤੀ 21 ਕੇਸ ਅਤੇ 36 ਤਸਕਰਾਂ ਦੀ ਸੀ।


ਸੰਗੀਨ ਅਪਰਾਧਾਂ ਦੇ ਮਾਮਲਿਆਂ ਵਿੱਚ ਵੀ ਖੰਨਾ ਪੁਲਿਸ ਨੇ ਬੇਹੱਦ ਪ੍ਰਭਾਵਸ਼ਾਲੀ ਕੰਮ ਕੀਤਾ। ਸਾਲ 2025 ਵਿੱਚ ਹੋਏ 171 ਸੰਗੀਨ ਅਪਰਾਧਾਂ ਦੇ ਕੇਸਾਂ ਨੂੰ ਪਹਿਲ ਦੇ ਆਧਾਰ ‘ਤੇ ਟਰੇਸ ਕੀਤਾ ਗਿਆ ਅਤੇ 238 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸਐਸਪੀ ਨੇ ਖਾਸ ਤੌਰ ‘ਤੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਕੋਈ ਵੀ ਸੰਗੀਨ ਕੇਸ ਅਨਟ੍ਰੇਸ ਨਹੀਂ ਛੱਡਿਆ ਗਿਆ।


ਇਸਦੇ ਨਾਲ ਹੀ ਅਸਲਾ ਐਕਟ ਅਧੀਨ 14 ਕੇਸ ਦਰਜ ਕਰਕੇ 29 ਮੁਲਜ਼ਮ ਕਾਬੂ ਕੀਤੇ ਗਏ, ਜਿਨ੍ਹਾਂ ਕੋਲੋਂ 42 ਪਿਸਤੌਲ/ਰਿਵਾਲਵਰ, 33 ਮੈਗਜ਼ੀਨ ਅਤੇ 65 ਕਾਰਤੂਸ ਬਰਾਮਦ ਹੋਏ। ਐਕਸਾਇਜ਼ ਐਕਟ ਦੇ ਮਾਮਲਿਆਂ ਵਿੱਚ 80 ਕੇਸ ਦਰਜ ਕਰਕੇ 92 ਮੁਲਜ਼ਮ ਫੜੇ ਗਏ।


ਪੁਲਿਸ-ਪਬਲਿਕ ਸਾਂਝ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ 3016 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ। ਨਸ਼ਾ ਛੱਡਣ ਲਈ ਤਿਆਰ ਹੋਏ 4085 ਲੋਕਾਂ ਦਾ ਇਲਾਜ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ 107 ਵਾਰ ਕੈਸੋ ਆਪ੍ਰੇਸ਼ਨ ਚਲਾਏ ਗਏ ਅਤੇ 343 ਪਿੰਡਾਂ ਨੂੰ ਨਸ਼ਾ ਮੁਕਤੀ ਪਿੰਡ ਬਣਾਇਆ ਗਿਆ। ਐਨਡੀਪੀਐਸ ਐਕਟ ਦੀ ਧਾਰਾ 68ਐਫ ਅਧੀਨ 8 ਵਿਅਕਤੀਆਂ ਦੀਆਂ ਜਾਇਦਾਦਾਂ ਸੀਜ਼ ਕਰਵਾਈਆਂ ਗਈਆਂ, ਜਿਨ੍ਹਾਂ ਦੀ ਕੀਮਤ ਲਗਭਗ 1 ਕਰੋੜ 29 ਲੱਖ ਰੁਪਏ ਹੈ।


ਭਗੌੜਿਆਂ ਖਿਲਾਫ ਵੀ ਖੰਨਾ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ 40 ਭਗੌੜਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿੱਚੋਂ 9 ਨਸ਼ਾ ਤਸਕਰੀ ਕੇਸਾਂ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ। ਖੰਨਾ ਪੁਲਿਸ ਵੱਲੋਂ ਮੈਰਾਥਨ ਦੌੜ, ਫੁੱਟਬਾਲ, ਕ੍ਰਿਕਟ ਅਤੇ ਵਾਲੀਬਾਲ ਟੂਰਨਾਮੈਂਟ, ਯੋਗਾ ਈਵੈਂਟ ਅਤੇ ਰਨ ਫਾਰ ਯੂਨਿਟੀ ਵਰਗੇ ਪ੍ਰੋਗਰਾਮ ਕਰਵਾਏ ਗਏ।


ਅਖੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਲ 2025 ਦੌਰਾਨ ਖੰਨਾ ਪੁਲਿਸ ਦੀ ਇਹ ਮਜ਼ਬੂਤ ਤੇ ਇਮਾਨਦਾਰ ਕਾਰਗੁਜ਼ਾਰੀ ਐਸਐਸਪੀ ਡਾ. ਜੋਤੀ ਯਾਦਵ ਬੈਂਸ (ਆਈਪੀਐਸ) ਦੀ ਪ੍ਰਭਾਵਸ਼ਾਲੀ ਅਗਵਾਈ ਦਾ ਨਤੀਜਾ ਹੈ, ਜਿਸ ਨਾਲ ਖੰਨਾ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਮਜ਼ਬੂਤ ਹੋਈ ਅਤੇ ਲੋਕਾਂ ਵਿੱਚ ਪੁਲਿਸ ਪ੍ਰਤੀ ਭਰੋਸਾ ਹੋਰ ਵਧਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.