ਤਾਜਾ ਖਬਰਾਂ
ਫਿਲੌਰ ਦੇ ਨੇੜਲੇ ਪਿੰਡ ਤੇਹਿੰਗ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰੇਲੂ ਕਲੇਸ਼ ਤੋਂ ਪਰੇਸ਼ਾਨ ਇੱਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਸਤਪਾਲ ਵਜੋਂ ਹੋਈ ਹੈ, ਜੋ ਪਿੰਡ ਤੇਹਿੰਗ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਤੋਂ ਪਹਿਲਾਂ ਸਤਪਾਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਪਲੋਡ ਕੀਤੀ, ਜਿਸ ਵਿੱਚ ਉਸ ਨੇ ਆਪਣੀ ਪਤਨੀ ਅਤੇ ਸੱਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਘਰੇਲੂ ਤਕਰਾਰਾਂ ਕਾਰਨ ਬਹੁਤ ਤੰਗ ਆ ਚੁੱਕਾ ਹੈ। ਵੀਡੀਓ ਵਿੱਚ ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਜ਼ਹਿਰੀਲੀ ਦਵਾਈ ਖਾ ਲਈ ਹੈ।
ਵੀਡੀਓ ਦੇ ਸਾਹਮਣੇ ਆਉਂਦੇ ਹੀ ਪਰਿਵਾਰਕ ਮੈਂਬਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ। ਹਾਲਾਂਕਿ, ਉਸ ਦੀ ਹਾਲਤ ਬਹੁਤ ਨਾਜੁਕ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਮੌਜੂਦ ਮਹਿਲ੍ਹਾ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨੌਜਵਾਨ ਦੀ ਗੰਭੀਰ ਹਾਲਤ ਦੇ ਬਾਵਜੂਦ ਸਮੇਂ ਸਿਰ ਐਂਬੂਲੈਂਸ ਅਤੇ ਲੋੜੀਂਦੀ ਮੈਡੀਕਲ ਸੁਵਿਧਾ ਉਪਲਬਧ ਨਹੀਂ ਕਰਵਾਈ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਤੁਰੰਤ ਅਤੇ ਢੰਗ ਨਾਲ ਇਲਾਜ ਮਿਲਦਾ ਤਾਂ ਸ਼ਾਇਦ ਨੌਜਵਾਨ ਦੀ ਜਾਨ ਬਚ ਸਕਦੀ ਸੀ।
ਇਸਦੇ ਨਾਲ ਹੀ ਲੋਕਾਂ ਨੇ ਸਿਵਲ ਹਸਪਤਾਲ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਕਰਦਿਆਂ ਕਿਹਾ ਕਿ ਹਸਪਤਾਲ ਅਕਸਰ ਗੰਭੀਰ ਮਰੀਜ਼ਾਂ ਨੂੰ ਅੱਗੇ ਰੈਫਰ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਜਾਂਦਾ ਹੈ। ਕੁਝ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ‘ਤੇ ਵੀ ਉਂਗਲੀ ਉਠਾਈ ਗਈ।
ਮਾਮਲੇ ਸਬੰਧੀ ਥਾਣਾ ਫਿਲੌਰ ਦੇ ਐਸਐਚਓ ਅਮਨ ਸੈਣੀ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਅਤੇ ਉਸ ਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਜਾਰੀ ਹੈ।
Get all latest content delivered to your email a few times a month.