ਤਾਜਾ ਖਬਰਾਂ
328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਵਿਵਾਦ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਆ ਗਈਆਂ ਹਨ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਮ ਆਦਮੀ ਪਾਰਟੀ' 'ਤੇ ਸਖ਼ਤ ਨਿਸ਼ਾਨਾ ਸਾਧਿਆ।
ਧਾਮੀ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਇਹ ਮੁੱਦਾ ਸਿਰਫ਼ 2027 ਦੀਆਂ ਆਗਾਮੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਠਾ ਰਹੀ ਹੈ ਤਾਂ ਜੋ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਸਬੂਤ ਪੇਸ਼ ਕਰਦਿਆਂ ਜਵਾਬ ਦਿੱਤਾ ਕਿ ਕਮੇਟੀ ਪਹਿਲਾਂ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰ ਚੁੱਕੀ ਹੈ।
16 ਮੁਲਾਜ਼ਮਾਂ ਨੂੰ ਕੀਤਾ ਬਰਖਾਸਤ, ਕਮੇਟੀ ਦਾ ਕੋਈ ਸਰੋਕਾਰ ਨਹੀਂ
ਐਡਵੋਕੇਟ ਧਾਮੀ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਨੇ ਦੋਸ਼ੀ ਪਾਏ ਗਏ ਸਾਰੇ 16 ਕਰਮਚਾਰੀਆਂ ਨੂੰ ਆਪਣੇ ਸੇਵਾ ਨਿਯਮਾਂ ਤਹਿਤ ਬਰਖਾਸਤ ਕਰ ਦਿੱਤਾ ਹੈ।
"ਸਾਡੀ ਕੋਈ ਮਨਸ਼ਾ 16 ਦੋਸ਼ੀਆਂ ਨੂੰ ਬਚਾਉਣ ਦੀ ਨਹੀਂ ਹੈ, ਅਤੇ ਨਾ ਹੀ ਉਨ੍ਹਾਂ ਨਾਲ ਸਾਡਾ ਕੋਈ ਸਰੋਕਾਰ ਬਾਕੀ ਹੈ। ਮੁਲਾਜ਼ਮਾਂ ਦਾ ਰਿਸ਼ਤਾ ਉਦੋਂ ਤੱਕ ਹੀ ਸੀ, ਜਦੋਂ ਤੱਕ ਉਹ SGPC ਵਿੱਚ ਨੌਕਰੀ ਕਰਦੇ ਸਨ," ਧਾਮੀ ਨੇ ਕਿਹਾ।
ਉਨ੍ਹਾਂ ਨੇ ਸਰਕਾਰੀ ਦਖਲਅੰਦਾਜ਼ੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਲਗਭਗ 22,000 ਕਰਮਚਾਰੀਆਂ ਦਾ ਪ੍ਰਬੰਧਨ ਕਰਦੀ ਹੈ, ਅਤੇ ਅਦਾਰੇ ਦੇ ਨਿਯਮਾਂ ਅਨੁਸਾਰ ਕਿਸੇ ਵੀ ਬੇਨਿਯਮੀ ਦੀ ਜਾਂਚ ਅੰਦਰੂਨੀ ਤੌਰ 'ਤੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰ ਮਾਮਲੇ ਨੂੰ ਸਿੱਧੇ ਪੁਲਿਸ ਕੋਲ ਭੇਜਣਾ ਜ਼ਰੂਰੀ ਨਹੀਂ ਹੈ।
ਮਾਮਲੇ ਦਾ ਰਾਜਨੀਤੀਕਰਨ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ 'ਆਪ' ਸਰਕਾਰ ਇਸ ਪਵਿੱਤਰ ਮੁੱਦੇ ਦਾ ਰਾਜਨੀਤੀਕਰਨ ਕਰ ਰਹੀ ਹੈ। ਉਨ੍ਹਾਂ ਨੇ ਹਾਈ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ, ਜਿਸ ਵਿੱਚ ਅਦਾਲਤ ਨੇ ਬਰਖਾਸਤ ਕੀਤੇ ਗਏ ਕਰਮਚਾਰੀਆਂ ਦੀਆਂ ਪਟੀਸ਼ਨਾਂ ਨੂੰ ਖਾਰਜ ਕਰਦੇ ਹੋਏ, 17 ਤਰੀਕ ਨੂੰ SGPC ਦੀ ਕਾਰਵਾਈ ਨੂੰ ਸਹੀ ਠਹਿਰਾਇਆ ਸੀ।
ਐਡਵੋਕੇਟ ਧਾਮੀ ਨੇ ਆਪਣੀ ਗੱਲ ਨੂੰ ਦੁਹਰਾਉਂਦਿਆਂ ਕਿਹਾ ਕਿ SGPC ਨੇ 328 ਸਰੂਪਾਂ ਦੇ ਮਾਮਲੇ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਗਿਆ ਹੈ। ਪੰਜਾਬ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਤਣਾਅ ਜਾਰੀ ਹੈ।
Get all latest content delivered to your email a few times a month.