ਤਾਜਾ ਖਬਰਾਂ
ਮੁੰਬਈ ਦੇ ਭਾਂਡੁਪ ਇਲਾਕੇ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਇੱਕ ਬੇਕਾਬੂ BEST ਬੱਸ ਨੇ 13 ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹਨ। ਇਸ ਤੋਂ ਇਲਾਵਾ, 9 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਮੁੰਬਈ ਦੇ ਰਜਵਾੜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
CCTV ਫੁਟੇਜ ਵਿੱਚ ਭਿਆਨਕ ਦ੍ਰਿਸ਼
ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਾੜ੍ਹੀਆਂ ਦੀ ਦੁਕਾਨ ਦੇ ਬਾਹਰ ਕੁਝ ਲੋਕ ਆਪਸ ਵਿੱਚ ਗੱਲਬਾਤ ਕਰ ਰਹੇ ਸਨ। ਉਸੇ ਸਮੇਂ ਅਚਾਨਕ ਬੱਸ ਬੇਕਾਬੂ ਹੋ ਕੇ ਭੀੜ ਵਿੱਚ ਜਾ ਵੜੀ। ਕੁਝ ਲੋਕ ਜਾਨ ਬਚਾਉਣ ਲਈ ਤੇਜ਼ੀ ਨਾਲ ਦੁਕਾਨ ਦੇ ਅੰਦਰ ਭੱਜੇ, ਪਰ ਕਈ ਲੋਕ ਬੱਸ ਦੀ ਲਪੇਟ ਵਿੱਚ ਆ ਗਏ।
ਹਾਦਸੇ ਦਾ ਵੇਰਵਾ
ਇਹ ਦੁਖਦਾਈ ਹਾਦਸਾ ਸੋਮਵਾਰ ਰਾਤ ਲਗਭਗ ਸਾਢੇ 9 ਵਜੇ ਹੋਇਆ। BEST ਦੀ ਇਲੈਕਟ੍ਰਿਕ ਬੱਸ ਭਾਂਡੁਪ ਸਟੇਸ਼ਨ ਦੇ ਬਾਹਰ ਮੋੜ (ਟਰਨ) ਲੈ ਰਹੀ ਸੀ, ਜਦੋਂ ਅਚਾਨਕ ਡਰਾਈਵਰ ਦਾ ਕੰਟਰੋਲ ਬੱਸ ਤੋਂ ਖੁੱਸ ਗਿਆ। ਬੇਕਾਬੂ ਹੋਈ ਬੱਸ ਭੀੜ ਵਿੱਚ ਜਾ ਵੜੀ ਅਤੇ ਕਰੀਬ 13 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀ ਟੱਕਰ ਨਾਲ ਲੋਹੇ ਦਾ ਬਣਿਆ ਇੱਕ ਇਲੈਕਟ੍ਰਿਕ ਖੰਭਾ ਵੀ ਟੇਢਾ ਹੋ ਗਿਆ।
ਪੁਲਿਸ ਨੇ ਬੱਸ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ, ਬੱਸ ਚਾਲਕ ਨਸ਼ੇ ਦੀ ਹਾਲਤ ਵਿੱਚ ਨਹੀਂ ਸੀ। ਪੁਲਿਸ ਇਲਾਕੇ ਦੀਆਂ ਹੋਰ ਸੀਸੀਟੀਵੀ ਫੁਟੇਜਾਂ ਵੀ ਖੰਗਾਲ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਮੁਆਵਜ਼ੇ ਦਾ ਐਲਾਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਹਾਦਸੇ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਸੂਬਾ ਸਰਕਾਰ ਵੱਲੋਂ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। ਨਾਲ ਹੀ, ਉਹਨਾਂ ਨੇ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਪ੍ਰਾਰਥਨਾ ਵੀ ਕੀਤੀ।
Get all latest content delivered to your email a few times a month.