ਤਾਜਾ ਖਬਰਾਂ
ਚੰਡੀਗੜ੍ਹ, 28 ਦਸੰਬਰ 2025:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵੱਲੋਂ ਨਿਊਜ਼ੀਲੈਂਡ ਦੇ ਸੇਬਾਂ ’ਤੇ ਆਯਾਤ ਡਿਊਟੀ ਨੂੰ ਮੁਕਤ ਵਪਾਰ ਸਮਝੌਤੇ (FTA) ਦੇ ਤਹਿਤ 50 ਫੀਸਦੀ ਤੋਂ ਘਟਾ ਕੇ 25 ਫੀਸਦੀ ਕਰਨ ਦੇ ਫੈਸਲੇ ਦੀ ਕੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸੇਬ ਉਤਪਾਦਕ ਕਿਸਾਨਾਂ ਨਾਲ “ਸਿੱਧਾ ਵਿਸ਼ਵਾਸਘਾਤ” ਹੈ ਅਤੇ ਇਹ ਨੀਤੀ ਸਵਦੇਸ਼ੀ ਦੇ ਨਾਅਰੇ ਨਾਲ ਪੂਰੀ ਤਰ੍ਹਾਂ ਵਿਰੋਧੀ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਹ ਕਦਮ ਈਸਟ ਇੰਡੀਆ ਕੰਪਨੀ ਦੀ ਯਾਦ ਤਾਜ਼ਾ ਕਰਵਾਉਂਦੇ ਹਨ, ਜਿੱਥੇ ਦੇਸੀ ਉਤਪਾਦਕਾਂ ਨੂੰ ਕਮਜ਼ੋਰ ਕਰਕੇ ਵਿਦੇਸ਼ੀ ਵਪਾਰਕ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਨੀਤੀਆਂ ਦੇਸ਼ ਦੀ ਲਗਭਗ 5,000 ਕਰੋੜ ਰੁਪਏ ਦੀ ਸੇਬ ਆਧਾਰਿਤ ਆਰਥਿਕਤਾ ਲਈ ਗੰਭੀਰ ਖ਼ਤਰਾ ਹਨ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਾਗਬਾਨੀ ’ਤੇ ਨਿਰਭਰ ਲੱਖਾਂ ਕਿਸਾਨ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਫੈਸਲੇ ਨਾਲ ਪ੍ਰਭਾਵਿਤ ਹੋਵੇਗੀ। ਸਪੀਕਰ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਘਰੇਲੂ ਉਤਪਾਦਕਾਂ ਦੀ ਰੱਖਿਆ ਕਰਨ ਦੇ ਆਪਣੇ ਵਾਅਦਿਆਂ ਨੂੰ ਨਿਭਾਉਣ ਵਿੱਚ ਅਸਫ਼ਲ ਰਹੀ ਹੈ।
ਸਰਦਾਰ ਸੰਧਵਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਫੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਦੇਸ਼ ਦੇ ਕਿਸਾਨਾਂ, ਖ਼ਾਸ ਕਰਕੇ ਬਾਗਬਾਨੀ ਨਾਲ ਜੁੜੇ ਉਤਪਾਦਕਾਂ ਦੇ ਹਿੱਤਾਂ ਦੀ ਰੱਖਿਆ ਯਕੀਨੀ ਬਣਾਵੇ।
Get all latest content delivered to your email a few times a month.