ਤਾਜਾ ਖਬਰਾਂ
ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣਾ ਖੇਤਰ ਅਧੀਨ ਕੈਲਾਸ਼ ਰੋਡ ਉਤੇ ਤੜਕੇ ਇੱਕ ਵੱਡੀ ਏਟੀਐਮ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਵਿਫਟ ਕਾਰ ਵਿੱਚ ਸਵਾਰ ਅਣਪਛਾਤੇ ਲੁਟੇਰੇ ਸਵੇਰੇ ਕਰੀਬ 2:30 ਵਜੇ ਏਟੀਐਮ ਸਥਾਨ ’ਤੇ ਪਹੁੰਚੇ। ਲੁਟੇਰਿਆਂ ਨੇ ਪਹਿਲਾਂ ਏਟੀਐਮ ਦਾ ਸ਼ਟਰ ਖੋਲ੍ਹਿਆ ਅਤੇ ਫਿਰ ਬਹੁਤ ਯੋਜਨਾਬੱਧ ਢੰਗ ਨਾਲ ਹਮਲਾ ਕਰਦਿਆਂ ਕੇਵਲ 15 ਤੋਂ 20 ਮਿੰਟਾਂ ਵਿੱਚ ਏਟੀਐਮ ਦੀ ਟ੍ਰੇਅ ਨੂੰ ਉਖਾੜ ਲਿਆ।
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਤੇਜ਼ੀ ਨਾਲ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਏਟੀਐਮ ਵਿੱਚੋਂ ਕਿੰਨੀ ਰਕਮ ਲੁੱਟੀ ਗਈ ਹੈ। ਸਬੰਧਤ ਬੈਂਕ ਵੱਲੋਂ ਨਕਦੀ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਲੁੱਟ ਦੀ ਅਸਲ ਰਕਮ ਦਾ ਪਤਾ ਲੱਗ ਸਕੇਗਾ।
ਸਵੇਰੇ ਇੱਕ ਰਾਹਗੀਰ ਨੇ ਏਟੀਐਮ ਨੂੰ ਨੁਕਸਾਨ ਪਹੁੰਚਿਆ ਹੋਇਆ ਦੇਖ ਕੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਇਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਬਸਤੀ ਜੋਧੇਵਾਲ ਥਾਣੇ ਦੀ ਪੁਲਿਸ ਦੇ ਨਾਲ ਸੀਆਈਏ ਸਟਾਫ, ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ।
ਪੁਲਿਸ ਵੱਲੋਂ ਏਟੀਐਮ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਦੇ ਨਾਲ ਹੀ ਨੇੜਲੇ ਘਰਾਂ ਅਤੇ ਦੁਕਾਨਾਂ ਤੋਂ ਡੀਵੀਆਰ ਵੀ ਜ਼ਬਤ ਕੀਤੇ ਗਏ ਹਨ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਬਾਅਦ ਲੁਟੇਰੇ ਹਾਈਵੇਅ ਵੱਲ ਰੁਖ ਕਰ ਗਏ। ਫਿਲਹਾਲ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ’ਤੇ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ। ਪੁਲਿਸ ਵੱਖ-ਵੱਖ ਕੋਣਾਂ ਤੋਂ ਜਾਂਚ ਕਰ ਰਹੀ ਹੈ ਅਤੇ ਲੁਟੇਰਿਆਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ।
Get all latest content delivered to your email a few times a month.