ਤਾਜਾ ਖਬਰਾਂ
ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਟੀ (SDMA) ਨੇ ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਸੰਗਰੂਰ, ਐਸਏਐਸ ਨਗਰ (ਮੋਹਾਲੀ) ਅਤੇ ਤਰਨਤਾਰਨ ਸਮੇਤ 8 ਜ਼ਿਲ੍ਹਿਆਂ ਵਿੱਚ ਅਗਲੇ ਤਿੰਨ ਘੰਟਿਆਂ ਦੌਰਾਨ ਬਹੁਤ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਇਸ ਦੌਰਾਨ, ਅੱਜ ਸਵੇਰੇ ਧੁੰਦ ਕਾਰਨ ਜਲੰਧਰ-ਫਗਵਾੜਾ ਹਾਈਵੇਅ 'ਤੇ ਰਾਇਲ ਹੋਟਲ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਪਨਬੱਸ ਨੇ ਪਿੱਛੇ ਤੋਂ ਇੱਕ ਟਿੱਪਰ ਟਰੱਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਤੇਜ਼ ਰਫ਼ਤਾਰ ਬੱਸ ਡਰਾਈਵਰ ਦੀ ਲੱਤ ਜ਼ਖਮੀ
ਹਾਦਸੇ ਵਿੱਚ ਪਨਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਬੱਸ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ, ਖਾਸ ਕਰਕੇ ਉਸ ਦੀ ਲੱਤ 'ਤੇ। ਉਸ ਨੂੰ ਤੁਰੰਤ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਖੁਸ਼ਕਿਸਮਤੀ ਨਾਲ, ਇਸ ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ, ਪਰ ਘਟਨਾ ਤੋਂ ਬਾਅਦ ਯਾਤਰੀਆਂ ਨੇ ਚੀਕ-ਚਿਹਾੜਾ ਮਚਾ ਦਿੱਤਾ।
ਟਿੱਪਰ ਡਰਾਈਵਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਰਾਮ ਨਾਲ ਗੱਡੀ ਚਲਾ ਰਿਹਾ ਸੀ, ਜਦੋਂ ਪਨਬੱਸ ਚਾਲਕ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟਿੱਪਰ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਕਾਰਨ ਬੱਸ ਨੇ ਇੱਕ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ।
100 ਮੀਲ ਪ੍ਰਤੀ ਘੰਟਾ ਤੋਂ ਵੱਧ ਸੀ ਰਫ਼ਤਾਰ
ਜ਼ਖਮੀ ਡਰਾਈਵਰ ਦਾ ਹਾਲ ਜਾਣਨ ਲਈ ਸਿਵਲ ਹਸਪਤਾਲ ਪਹੁੰਚੇ ਏਐਸਆਈ ਮੱਖਣ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਡਰਾਈਵਰ ਬਹੁਤ ਤੇਜ਼ ਰਫ਼ਤਾਰ, ਲਗਭਗ 100 ਮੀਲ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਯਾਤਰੀਆਂ ਨੇ ਉਸ ਨੂੰ ਵਾਰ-ਵਾਰ ਹੌਲੀ ਚਲਾਉਣ ਲਈ ਕਿਹਾ ਸੀ।
ਜਾਂਚ ਅਧਿਕਾਰੀ ਨੇ ਅੱਗੇ ਦੱਸਿਆ ਕਿ ਟਿੱਪਰ ਡਰਾਈਵਰ ਦੀ ਕੋਈ ਗਲਤੀ ਨਹੀਂ ਸੀ ਅਤੇ ਹਾਦਸਾ ਸਿਰਫ਼ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰਾਂ ਨੂੰ ਅਕਸਰ ਹੌਲੀ ਚਲਾਉਣ ਲਈ ਕਿਹਾ ਜਾਂਦਾ ਹੈ, ਪਰ ਚੰਡੀਗੜ੍ਹ ਪਹੁੰਚਣ ਦੀ ਜਲਦਬਾਜ਼ੀ ਵਿੱਚ ਉਹ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਡਰਾਈਵਰ ਖਿਲਾਫ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.