ਤਾਜਾ ਖਬਰਾਂ
ਸਮਾਣਾ ਸ਼ਹਿਰ ਲਈ ਇਹ ਮਾਣ ਵਾਲਾ ਪਲ ਹੈ, ਜਿੱਥੋਂ ਦੀ ਧੀ ਗੁਰਪ੍ਰੀਤ ਕੌਰ ਨੇ ਪ੍ਰਤੀਯੋਗੀ ਪੀਸੀਐਸ (ਪੰਜਾਬ ਸਿਵਲ ਸਰਵਿਸਿਜ਼) ਦੀ ਪ੍ਰੀਖਿਆ ਵਿੱਚ ਪਹਿਲਾ ਰੈਂਕ ਹਾਸਲ ਕਰਕੇ ਨਾ ਸਿਰਫ਼ ਪਰਿਵਾਰ, ਸਗੋਂ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਫੌਜ ਵਿੱਚ ਪੰਜ ਸਾਲ ਕਮਾਂਡੈਂਟ ਵਜੋਂ ਸੇਵਾ ਨਿਭਾਉਣ ਤੋਂ ਬਾਅਦ, ਉਹ ਹੁਣ ਪੰਜਾਬ ਦੀ ਸੇਵਾ ਕਰਨ ਦੇ ਸੁਪਨੇ ਨਾਲ ਸਿਵਲ ਪ੍ਰਸ਼ਾਸਨ ਵਿੱਚ ਕਦਮ ਰੱਖਣ ਲਈ ਤਿਆਰ ਹੈ।
ਫੌਜ ਤੋਂ ਸਿਵਲ ਸੇਵਾ ਤੱਕ ਦਾ ਸਫ਼ਰ
ਗੁਰਪ੍ਰੀਤ ਕੌਰ ਨੇ ਫੌਜ ਵਿੱਚ ਪੰਜ ਸਾਲ ਕਮਾਂਡੈਂਟ ਦੀ ਸੇਵਾ ਨਿਭਾਉਣ ਤੋਂ ਬਾਅਦ ਪੀਸੀਐਸ ਪ੍ਰੀਖਿਆ ਦੇਣ ਦਾ ਚੁਣੌਤੀਪੂਰਨ ਫੈਸਲਾ ਲਿਆ। ਵਿਆਹ ਹੋਣ, ਇੱਕ ਬੇਟਾ ਹੋਣ ਅਤੇ ਘਰੇਲੂ ਜ਼ਿੰਮੇਵਾਰੀਆਂ ਹੋਣ ਦੇ ਬਾਵਜੂਦ, ਉਸ ਨੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਸਖ਼ਤ ਮਿਹਨਤ ਜਾਰੀ ਰੱਖੀ। ਗੁਰਪ੍ਰੀਤ ਕੌਰ ਨੇ ਆਪਣੀ ਇਸ ਸ਼ਾਨਦਾਰ ਕਾਮਯਾਬੀ ਦਾ ਸਿਹਰਾ ਪੇਕਾ ਅਤੇ ਸਹੁਰਾ ਪਰਿਵਾਰ ਦੋਵਾਂ ਦੇ ਪੂਰਨ ਸਹਿਯੋਗ ਨੂੰ ਦਿੱਤਾ ਹੈ।
ਪਰਿਵਾਰ 'ਚ ਖੁਸ਼ੀ ਦੀ ਲਹਿਰ
ਗੁਰਪ੍ਰੀਤ ਕੌਰ ਦੀ ਸਫਲਤਾ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਗੁਰਪ੍ਰੀਤ ਕੌਰ ਦੇ ਸਹੁਰਾ, ਸ੍ਰੀ ਗੁਰਸੇਵਕ ਸਿੰਘ, ਜੋ ਕਿ ਪੀਆਰਟੀ ਵਿਭਾਗ ਤੋਂ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਹਨ, ਨੇ ਕਿਹਾ, “ਇਹ ਵਾਹਿਗੁਰੂ ਦੀ ਕਿਰਪਾ ਹੈ। ਅਸੀਂ ਇਸਨੂੰ ਕਦੇ ਨੂੰਹ ਨਹੀਂ, ਸਗੋਂ ਧੀ ਸਮਝਿਆ ਅਤੇ ਪੜ੍ਹਾਈ ਵਿੱਚ ਪੂਰਾ ਸਹਿਯੋਗ ਦਿੱਤਾ। ਅੱਜ ਸਾਡੇ ਪਰਿਵਾਰ ਦਾ ਨਾਮ ਰੌਸ਼ਨ ਹੋਇਆ ਹੈ।”
ਉਨ੍ਹਾਂ ਦੇ ਦਿਓਰ ਹਰਪ੍ਰੀਤ ਸਿੰਘ ਨੇ ਵੀ ਭਰਜਾਈ ਦੀ ਕਾਮਯਾਬੀ 'ਤੇ ਮਾਣ ਮਹਿਸੂਸ ਕੀਤਾ। ਉਨ੍ਹਾਂ ਕਿਹਾ, “ਸਾਡਾ ਪਰਿਵਾਰ ਫੌਜ ਵਿੱਚ ਦੇਸ਼ ਦੀ ਸੇਵਾ ਕਰਦਾ ਆ ਰਿਹਾ ਹੈ। ਹੁਣ ਪੰਜਾਬ ਵਿੱਚ ਵੀ ਸੇਵਾ ਕਰਨ ਦਾ ਮੌਕਾ ਮਿਲੇਗਾ, ਜੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।”
'ਲੋਕਾਂ ਤੱਕ ਪਹੁੰਚਾਵਾਂਗੀ ਸਰਕਾਰੀ ਨੀਤੀਆਂ'
ਪੀਸੀਐਸ ਟਾਪਰ ਗੁਰਪ੍ਰੀਤ ਕੌਰ ਨੇ ਆਪਣੇ ਭਵਿੱਖ ਦੇ ਉਦੇਸ਼ ਸਾਂਝੇ ਕਰਦਿਆਂ ਕਿਹਾ, “ਮੇਰਾ ਮੁੱਖ ਉਦੇਸ਼ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੋਵੇਗਾ। ਮੈਂ ਖ਼ਾਸ ਕਰਕੇ ਕੁੜੀਆਂ ਦੇ ਸਸ਼ਕਤੀਕਰਨ ਲਈ ਕੰਮ ਕਰਾਂਗੀ।”
ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਪੜ੍ਹਾਈ 'ਤੇ ਧਿਆਨ ਦੇਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਦੇਸ਼-ਪੰਜਾਬ ਦੀ ਸੇਵਾ ਲਈ ਅੱਗੇ ਆਉਣ।
ਗੁਰਪ੍ਰੀਤ ਕੌਰ ਦੀ ਇਹ ਪ੍ਰੇਰਣਾਦਾਇਕ ਕਹਾਣੀ ਅੱਜ ਹਜ਼ਾਰਾਂ ਨੌਜਵਾਨਾਂ ਲਈ ਉਦਾਹਰਣ ਬਣ ਚੁੱਕੀ ਹੈ, ਜੋ ਸਾਬਤ ਕਰਦੀ ਹੈ ਕਿ ਸਖ਼ਤ ਮਿਹਨਤ, ਦ੍ਰਿੜ੍ਹਤਾ ਅਤੇ ਪਰਿਵਾਰਕ ਸਹਿਯੋਗ ਨਾਲ ਕੋਈ ਵੀ ਮੰਜ਼ਿਲ ਅਸੰਭਵ ਨਹੀਂ।
Get all latest content delivered to your email a few times a month.