ਤਾਜਾ ਖਬਰਾਂ
ਸੰਦੌੜ, 26 ਦਸੰਬਰ ( ਭੁਪਿੰਦਰਗਿੱਲ) -
ਨਜਦੀਕੀ ਪਿੰਡ ਭੂਦਨ ਵਿਖੇ ਬੀਤੇ ਦਿਨ ਇਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਤੇ ਸੰਗਰਸ਼ ਜਾਰੀ ਹੈ,ਇਸ ਮਾਮਲੇ ਵਿਚ ਦੋ ਔਰਤਾਂ ਅਤੇ ਇਕ 7 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ।ਮੌਤ ਤੋਂ ਪਹਿਲਾਂ ਮ੍ਰਿਤਕ ਇੰਦਰਪਾਲ ਕੌਰ ਨੇ ਵੀਡੀਓ ਰਾਹੀਂ ਪਿੰਡ ਦੇ 10 ਦੇ ਕਰੀਬ ਲੋਕਾਂ ਤੋਂ ਉਸਦੀ ਜਾਨ ਨੂੰ ਖ਼ਤਰੇ ਦੀ ਗੱਲ ਸਮੇਤ ਕਾਫ਼ੀ ਕੁੱਝ ਕਿਹਾ ਸੀ। ਮੌਤਾਂ ਦੀ ਇਹ ਘਟਨਾ ਹੋਣ ਜਾਣ ਉਪਰੰਤ ਇਸ ਮਾਮਲੇ ਵਿਚ ਸੰਦੌੜ ਪੁਲਿਸ ਨੇ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ,ਪਰ ਉਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵੱਜੋਂ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀ, ਇਨਸਾਫ਼ ਪਸੰਦ ਲੋਕਾਂ ਥਾਣਾ ਸੰਦੌੜ ਅੱਗੇ ਅੱਜ ਲਗਾਤਾਰ ਦੂਸਰੇ ਦਿਨ ਧਰਨਾ ਲਗਾ ਕੇ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਜਾਮ ਕਰ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਕਰਕੇ ਸਾਰੇ ਕਥਿਤ ਦੋਸ਼ੀਆਂ ਨੂੰ ਤੁਰੰਤ ਫੜਨ ਦੀ ਮੰਗ ਕੀਤੀ,ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਇਕਾਈ ਪ੍ਰਧਾਨ ਰਣਜੀਤ ਸਿੰਘ ਛੰਨਾ, ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ,ਨੌਜਵਾਨ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਮਹਿਲਕਲਾਂ, ਕਿਸਾਨ ਆਗੂ ਕੇਵਲ ਸਿੰਘ ਭੱਠਲ, ਬਿੱਕਰ ਸਿੰਘ ਛੰਨਾ, ਰਣਜੀਤ ਸਿੰਘ ਬਾਜਵਾ, ਹਰਪਾਲ ਸਿੰਘ , ਗੁਰਮੁੱਖ ਸਿੰਘ ,ਕਾਂਗਰਸੀ ਆਗੂ ਜਸਮੇਲ ਸਿੰਘ ਬੜੀ, ਮਾਸਟਰ ਨਿਸ਼ਾਨ ਸਿੰਘ, ਰੂਪ ਸਿੰਘ ਜਵੰਧਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।ਜਿਕਰਯੋਗ ਹੈ ਕੇ ਲੰਘੇ ਦਿਨ ਲਗਾਏ ਗਏ ਧਰਨੇ ਵਿੱਚ ਪੁਲਿਸ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਦਿੱਤਾ ਸੀ ਪਰ ਅੱਜ ਫਿਰ ਬਾਕੀ ਰਹਿੰਦੇ ਲੋਕਾਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਮੁੜ ਧਰਨਾ ਲਗਾ ਦਿੱਤਾ ਗਿਆ।ਦੱਸਣਯੋਗ ਹੈ ਕੇ ਧਰਨਾਕਾਰੀਆਂ ਵੱਲੋਂ ਕਿਹਾ ਗਿਆ ਕਿ ਮ੍ਰਿਤਕ ਪਾਈ ਗਈ ਲੜਕੀ, ਉਸਦੀ ਮਾਂ ਅਤੇ ਕਰੀਬ ਸੱਤ ਸਾਲ ਦੇ ਬੱਚੇ ਦੀ ਮੌਤ ਉਹਨਾਂ ਵੱਲੋਂ ਖੁਦ ਕਿਸੇ ਜ਼ਹਿਰੀਲੀ ਚੀਜ ਨਿਗਲ ਜਾਣ ਕਰਕੇ ਨਹੀਂ ਹੋਈ ਸਗੋਂ ਉਹਨਾਂ ਨੂੰ ਕਿਸੇ ਸਾਜਿਸ਼ ਤਹਿਤ ਮਾਰਿਆ ਗਿਆ ਹੈ ਇਸ ਗੱਲ ਦੀ ਵਿਸ਼ੇਸ਼ ਟੀਮ ਵੱਲੋਂ ਜਾਂਚ ਹੋਣੀ ਚਾਹੀਦੀ ਹੈ, ਦਰਜ ਕੀਤੀ ਗਈ ਐਫ ਆਈ ਆਰ ਵਿੱਚਲੇ ਬਿਆਨਾ ਵਿੱਚ ਸੋਧ ਹੋਣੀ ਚਾਹੀਦੀ ਹੈ ਅਤੇ ਬਾਕੀ ਰਹਿੰਦੇ ਵਿਅਕਤੀ ਜਲਦ ਫੜੇ ਜਾਣੇ ਚਾਹੀਦੇ ਹਨ, ਇਸ ਮੌਕੇ ਧਰਨੇ ਵਿਚ ਪਹੁੰਚੇ ਡੀ.ਐਸ.ਪੀ ਬਿਕਰਮਜੀਤ ਸਿੰਘ ਘੁੰਮਣ, ਡੀ. ਐਸ ਪੀ ਯਾਦਵਿੰਦਰ ਸਿੰਘ, ਐਸ ਐਚ ਓ ਸੰਦੌੜ ਗਗਨਦੀਪ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ10 ਵਿਅਕਤੀਆਂ ਦੇ ਵਿੱਚੋਂ ਦੋ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਬਾਕੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਉਹਨਾਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਬਾਕੀ ਮੰਗਾਂ ਵੀ ਮੰਨੀਆਂ ਜਾਣਗੀਆਂ ਜਿਸ ਉਪਰੰਤ ਜਥੇਬੰਦੀ ਵੱਲੋਂ ਮੁੱਖ ਮਾਰਗ ਬੰਦ ਕਰਨ ਵਾਲੇ ਧਰਨੇ ਨੂੰ ਸਾਰੀਆਂ ਗ੍ਰਿਫਤਾਰੀਆਂ ਤੱਕ ਥਾਣੇ ਸਾਹਮਣੇ ਇੱਕ ਪਾਸੇ ਸ਼ਾਂਤਮਤੀ ਧਰਨੇ ਦੇ ਰੂਪ ਵਿੱਚ ਜਾਰੀ ਰੱਖਣ ਦੇ ਫੈਸਲੇ ਨਾਲ ਅੱਜ ਦਾ ਧਰਨਾ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ |
Get all latest content delivered to your email a few times a month.