ਤਾਜਾ ਖਬਰਾਂ
ਫ਼ਰੀਦਕੋਟ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਬਣਾਇਆ ਗਿਆ ਰਹਿਣ ਬਸੇਰਾ ਇਨ੍ਹਾਂ ਦਿਨਾਂ ਵਿੱਚ ਲੋੜਵੰਦ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਿਹਾ ਹੈ। ਖਾਸ ਤੌਰ ‘ਤੇ ਉਹ ਯਾਤਰੀ ਜਿਨ੍ਹਾਂ ਨੂੰ ਦੇਰ ਰਾਤ ਟਰੇਨ ਫੜਨੀ ਹੁੰਦੀ ਹੈ, ਜਾਂ ਬਾਹਰਲੇ ਸ਼ਹਿਰਾਂ ਤੋਂ ਆਏ ਉਹ ਲੋਕ ਜਿਨ੍ਹਾਂ ਨੂੰ ਅਸਥਾਈ ਤੌਰ ‘ਤੇ ਰਹਿਣ ਲਈ ਕੋਈ ਥਾਂ ਨਹੀਂ ਮਿਲਦੀ, ਇਸ ਸਹੂਲਤ ਦਾ ਭਰਪੂਰ ਲਾਭ ਲੈ ਰਹੇ ਹਨ। ਇਸ ਤੋਂ ਇਲਾਵਾ, ਛੱਤ ਤੋਂ ਵੰਝੇ ਲੋਕਾਂ ਲਈ ਵੀ ਇਹ ਰਹਿਣ ਬਸੇਰਾ ਰਾਤ ਗੁਜ਼ਾਰਨ ਦਾ ਸੁਰੱਖਿਅਤ ਥਾਂ ਬਣਿਆ ਹੋਇਆ ਹੈ।
ਰਹਿਣ ਬਸੇਰੇ ਦੇ ਪ੍ਰਬੰਧ ਸੰਭਾਲ ਰਹੇ ਕਰਮਚਾਰੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਥੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਮੁਤਾਬਕ, ਕੋਈ ਵੀ ਲੋੜਵੰਦ ਵਿਅਕਤੀ ਰਾਤ ਸਮੇਂ ਇਥੇ ਠਹਿਰ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਉਹ ਨਸ਼ੇ ਦੀ ਹਾਲਤ ਵਿੱਚ ਨਾ ਹੋਵੇ। ਇਥੇ ਰਹਿਣ ਲਈ ਕਿਸੇ ਵੀ ਕਿਸਮ ਦੀ ਫੀਸ ਨਹੀਂ ਲਈ ਜਾਂਦੀ ਅਤੇ ਇਹ ਪੂਰੀ ਤਰ੍ਹਾਂ ਮੁਫ਼ਤ ਸੇਵਾ ਹੈ।
ਰਹਿਣ ਬਸੇਰੇ ਵਿੱਚ ਸਾਫ-ਸੁਥਰੇ ਬਿਸਤਰੇ, ਗਰਮ ਪਾਣੀ ਦੀ ਸਹੂਲਤ, ਪੀਣ ਲਈ RO ਵਾਲਾ ਸਾਫ ਪਾਣੀ, ਨਾਲ ਹੀ ਸੁਚੱਜੇ ਟਾਇਲਟ ਅਤੇ ਬਾਥਰੂਮ ਉਪਲਬਧ ਹਨ। ਪ੍ਰਬੰਧਕ ਨੇ ਦੱਸਿਆ ਕਿ ਆਮ ਤੌਰ ‘ਤੇ ਇਥੇ ਲਗਾਤਾਰ ਤਿੰਨ ਦਿਨ ਤੱਕ ਹੀ ਠਹਿਰਿਆ ਜਾ ਸਕਦਾ ਹੈ। ਹਾਲਾਂਕਿ, ਜਿਨ੍ਹਾਂ ਲੋਕਾਂ ਦੀ ਇਥੇ ਟਰੇਨਿੰਗ ਜਾਂ ਹੋਰ ਕੋਈ ਵਾਜਬ ਕਾਰਜ ਲੱਗਾ ਹੋਵੇ, ਉਹਨਾਂ ਨੂੰ ਜ਼ਿਆਦਾ ਸਮੇਂ ਲਈ ਵੀ ਰਹਿਣ ਦੀ ਆਗਿਆ ਦਿੱਤੀ ਜਾਂਦੀ ਹੈ। ਰਹਿਣ ਲਈ ਵੈਧ ਸ਼ਨਾਖਤੀ ਕਾਰਡ ਦੇ ਅਧਾਰ ‘ਤੇ ਹੀ ਐਂਟਰੀ ਦਿੱਤੀ ਜਾਂਦੀ ਹੈ।
ਇਸ ਮੌਕੇ ਰਹਿਣ ਬਸੇਰੇ ਵਿੱਚ ਠਹਿਰੇ ਇਕ ਯਾਤਰੀ ਨੇ ਦੱਸਿਆ ਕਿ ਉਹ ਗੁਰੂ ਸਹਾਇ ਤੋਂ ਆਏ ਹਨ ਅਤੇ ਉਨ੍ਹਾਂ ਨੂੰ ਹਰਿਦੁਆਰ ਜਾਣ ਲਈ ਦੇਰ ਰਾਤ ਦੀ ਟਰੇਨ ਫੜਨੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕਰੀਬ 10 ਵਿਅਕਤੀ ਇਥੇ ਠਹਿਰੇ ਹੋਏ ਹਨ ਅਤੇ ਪ੍ਰਬੰਧ ਬਹੁਤ ਹੀ ਵਧੀਆ ਹੈ। ਸਾਫ ਬਿਸਤਰੇ ਅਤੇ ਸਾਰੀਆਂ ਜ਼ਰੂਰੀ ਸਹੂਲਤਾਂ ਉਪਲਬਧ ਹੋਣ ਕਾਰਨ ਯਾਤਰੀ ਆਪਣੇ ਆਪ ਨੂੰ ਕਾਫੀ ਸੁਰੱਖਿਅਤ ਅਤੇ ਸੁਖਦਾਈ ਮਹਿਸੂਸ ਕਰ ਰਹੇ ਹਨ।
Get all latest content delivered to your email a few times a month.