IMG-LOGO
ਹੋਮ ਪੰਜਾਬ: ਅੰਮ੍ਰਿਤਸਰ ਦੇ ਵਿਕਾਸ ਲਈ ਡਾ. ਨਵਜੋਤ ਕੌਰ ਸਿੱਧੂ ਦੀ ਕੇਂਦਰੀ...

ਅੰਮ੍ਰਿਤਸਰ ਦੇ ਵਿਕਾਸ ਲਈ ਡਾ. ਨਵਜੋਤ ਕੌਰ ਸਿੱਧੂ ਦੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ, ਸੜਕਾਂ ਅਤੇ ਟ੍ਰੈਫਿਕ ਮੁੱਦਿਆਂ ‘ਤੇ ਸੌਂਪਿਆ ਮੰਗ ਪੱਤਰ

Admin User - Dec 25, 2025 08:23 PM
IMG

ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਪਾਰਟੀ ਤੋਂ ਮੁਅੱਤਲ ਹੋਣ ਤੋਂ ਬਾਅਦ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਦੇ ਵਿਕਾਸ ਨਾਲ ਜੁੜੇ ਗੰਭੀਰ ਮੁੱਦੇ ਉਠਾਏ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੀਆਂ ਮੁੱਖ ਸੜਕਾਂ, ਬਾਈਪਾਸਾਂ ਅਤੇ ਹਾਈਵੇਜ਼ ਦੀ ਬਦਹਾਲ ਹਾਲਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਇੱਕ ਵਿਸਤ੍ਰਿਤ ਮੰਗ ਪੱਤਰ ਸੌਂਪਿਆ।

ਡਾ. ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟ ਲੰਬੇ ਸਮੇਂ ਤੋਂ ਅਧੂਰੇ ਪਏ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਖ਼ਾਸ ਤੌਰ ‘ਤੇ ਰਣਜੀਤ ਐਵੇਨਿਊ ਤੋਂ ਲੋਹਾਰਕਾ ਬਾਈਪਾਸ ਤੱਕ ਚੱਲ ਰਹੇ ਕੰਮ ਦੀ ਦੇਰੀ ਅਤੇ ਵੱਲਾ ਬਾਈਪਾਸ ਵਿੱਚ ਕੰਮ ਦੀ ਘੱਟ ਗੁਣਵੱਤਾ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਸੜਕਾਂ ਦੇ ਕਿਨਾਰਿਆਂ ‘ਤੇ ਲੱਗੀਆਂ ਟਾਈਲਾਂ ਟੁੱਟ ਰਹੀਆਂ ਹਨ ਅਤੇ ਦਰਾਰਾਂ ਵਿੱਚ ਘਾਹ-ਬੂਟੇ ਉੱਗ ਆਏ ਹਨ, ਜੋ ਸਰਕਾਰੀ ਕੰਮਕਾਜ ਦੀ ਨਿਗਰਾਨੀ ‘ਤੇ ਸਵਾਲ ਖੜੇ ਕਰਦੇ ਹਨ।

ਇਸ ਤੋਂ ਇਲਾਵਾ, ਡਾ. ਸਿੱਧੂ ਨੇ ਅੰਮ੍ਰਿਤਸਰ ਏਅਰਪੋਰਟ ਰੋਡ ‘ਤੇ ਵੱਧ ਰਹੀ ਟ੍ਰੈਫਿਕ ਸਮੱਸਿਆ ਅਤੇ VIP ਮੂਵਮੈਂਟ ਕਾਰਨ ਲੱਗਣ ਵਾਲੇ ਜਾਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਅੱਧੇ ਪੰਜਾਬ ਲਈ ਬਹੁਤ ਹੀ ਮਹੱਤਵਪੂਰਨ ਹੈ, ਪਰ ਟ੍ਰੈਫਿਕ ਜਾਮਾਂ ਕਾਰਨ ਯਾਤਰੀਆਂ ਨੂੰ ਫਲਾਈਟਾਂ ਤੱਕ ਪਹੁੰਚਣ ਵਿੱਚ ਦਿੱਕਤ ਆ ਰਹੀ ਹੈ। ਇਸ ਲਈ ਬਦਲਵੇਂ ਰਸਤੇ ਅਤੇ ਬਿਹਤਰ ਸੜਕ ਕਨੈਕਟੀਵਿਟੀ ਤੁਰੰਤ ਤੌਰ ‘ਤੇ ਵਿਕਸਤ ਕੀਤੀ ਜਾਣੀ ਚਾਹੀਦੀ ਹੈ।

ਡਾ. ਨਵਜੋਤ ਕੌਰ ਸਿੱਧੂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੀ ਧਾਰਮਿਕ ਅਤੇ ਸੈਲਾਨੀ ਮਹੱਤਤਾ ਨੂੰ ਦੇਖਦਿਆਂ ਇਨ੍ਹਾਂ ਪ੍ਰੋਜੈਕਟਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ‘ਤੇ ਪੂਰਾ ਕੀਤਾ ਜਾਵੇ, ਤਾਂ ਜੋ ਰੋਜ਼ਾਨਾ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਸੁਵਿਧਾ ਮਿਲ ਸਕੇ।

ਦੂਜੇ ਪਾਸੇ, ਇਸ ਮੁਲਾਕਾਤ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਕਿਆਸਬਾਜ਼ੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਤੋਂ ਮੁਅੱਤਲ ਹੋਣ ਮਗਰੋਂ ਡਾ. ਸਿੱਧੂ ਦੀ ਕੇਂਦਰੀ ਮੰਤਰੀ ਨਾਲ ਇਹ ਮੁਲਾਕਾਤ ਉਨ੍ਹਾਂ ਦੇ ਭਵਿੱਖੀ ਸਿਆਸੀ ਕਦਮਾਂ ਵੱਲ ਇਸ਼ਾਰਾ ਮੰਨੀ ਜਾ ਰਹੀ ਹੈ, ਜਿਸ ਨੇ ਪੰਜਾਬ ਦੀ ਸਿਆਸਤ ਨੂੰ ਇਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.