IMG-LOGO
ਹੋਮ ਪੰਜਾਬ: ਆਮ ਆਦਮੀ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰੋ: ਮੁੱਖ...

ਆਮ ਆਦਮੀ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰੋ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਲ ਇੰਡੀਆ ਤੇ ਕੇਂਦਰੀ ਸੇਵਾਵਾਂ ਦੇ ਅਧਿਕਾਰੀਆਂ ਨੂੰ ਅਪੀਲ

Admin User - Dec 24, 2025 06:14 PM
IMG

ਚੰਡੀਗੜ੍ਹ, 24 ਦਸੰਬਰ,,- ਸ਼ਾਸਨ ਵਿੱਚ ਲੋਕਾਂ ਨੂੰ ਪਹਿਲ ਦੇਣ ਦਾ ਸਪੱਸ਼ਟ ਮਾਪਦੰਡ ਸਥਾਪਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਲ ਇੰਡੀਆ ਤੇ ਕੇਂਦਰੀ ਸੇਵਾਵਾਂ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦਾ ਹਰੇਕ ਪ੍ਰਸ਼ਾਸਕੀ ਫੈਸਲਾ ਆਮ ਆਦਮੀ ਦੀ ਭਲਾਈ ਤੇ ਰਾਹਤ ਲਈ ਹੋਵੇ। ਇੱਥੇ ਵਿਸ਼ੇਸ਼ ਫਾਉਂਡੇਸ਼ਨ ਕੋਰਸ (ਐਸ.ਐਫ.ਸੀ.) ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮਗਸੀਪਾ) ਵਿੱਚ ਪੁੱਜੇ 32 ਆਈ.ਪੀ.ਐਸ., ਆਈ.ਆਰ.ਐਸ. ਤੇ ਹੋਰ ਸੇਵਾਵਾਂ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮੁੱਖ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅਹੁਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ ਅਤੇ ਸ਼ਾਸਨ ਦਾ ਮੁਲਾਂਕਣ ਨਾਗਰਿਕਾਂ ਦੇ ਜੀਵਨ ਉੱਤੇ ਇਸ ਦੇ ਪ੍ਰਭਾਵ ਰਾਹੀਂ ਮਾਪਿਆ ਜਾਣਾ ਚਾਹੀਦਾ ਹੈ। 

ਉਨ੍ਹਾਂ ਨੇ ਅਜਿਹੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਕੇ ਦੇਸ਼ ਦੀਆਂ ਪੰਜ ਚੋਟੀ ਦੀਆਂ ਸੂਬਾਈ ਪ੍ਰਸ਼ਾਸਕੀ ਸਿਖਲਾਈ ਸੰਸਥਾਵਾਂ ਵਿੱਚ ਸਥਾਨ ਪ੍ਰਾਪਤ ਕਰਨ ਲਈ ਮਗਸੀਪਾ ਨੂੰ ਵਧਾਈ ਦਿੱਤੀ, ਜੋ ਪੰਜਾਬ ਦੀ ਪੇਸ਼ੇਵਰ ਪਹੁੰਚ ਅਤੇ ਜਵਾਬਦੇਹ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ। ਸਿਖਲਾਈ ਪ੍ਰਾਪਤ ਕਰ ਰਹੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੀਆਂ ਕਈ ਮਾਰਗ-ਦਰਸ਼ਕ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਜ਼ਮੀਨੀ ਪੱਧਰ `ਤੇ ਪ੍ਰਤੱਖ ਨਤੀਜਿਆਂ ਦੀ ਨਿਸ਼ਾਨਦੇਹੀ ਕੀਤੀ।

ਇੱਥੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਨਿਸਟ੍ਰੇਸ਼ਨ ਮਸੂਰੀ ਦੇ ਸਹਿਯੋਗ ਨਾਲ 2021 ਬੈਚ ਦੇ ਇਨ੍ਹਾਂ ਅਧਿਕਾਰੀਆਂ ਲਈ 10 ਹਫ਼ਤਿਆਂ ਦਾ ਵਿਸ਼ੇਸ਼ ਫਾਉਂਡੇਸ਼ਨ ਕੋਰਸ ਕਰਵਾਇਆ ਜਾ ਰਿਹਾ ਹੈ। ਇਸ ਗਰੁੱਪ ਵਿੱਚ ਆਈ.ਪੀ.ਐਸ., ਭਾਰਤੀ ਜੰਗਲਾਤ ਸੇਵਾ, ਆਈ.ਆਰ.ਐਸ. (ਇਨਕਮ ਟੈਕਸ ਅਤੇ ਕਸਟਮ ਦੋਵੇਂ), ਭਾਰਤੀ ਡਾਕ ਸੇਵਾ, ਭਾਰਤੀ ਸੂਚਨਾ ਸੇਵਾ, ਭਾਰਤੀ ਸਿਵਲ ਲੇਖਾ ਸੇਵਾ, ਭਾਰਤੀ ਪੀ ਐਂਡ ਟੀ ਵਿੱਤ ਸੇਵਾ, ਭਾਰਤੀ ਵਪਾਰ ਸੇਵਾ ਅਤੇ ਭਾਰਤੀ ਕਾਰਪੋਰੇਟ ਲਾਅ ਸੇਵਾ ਦੇ ਅਧਿਕਾਰੀ ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮਗਸੀਪਾ, ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ, ਮਸੂਰੀ ਦੀ ਤਰਫੋਂ ਵਿਸ਼ੇਸ਼ ਫਾਊਂਡੇਸ਼ਨ ਕੋਰਸ (ਐਸ.ਐਫ.ਸੀ.) ਦਾ ਪ੍ਰਬੰਧ ਕਰ ਰਿਹਾ ਹੈ। ਆਮ ਤੌਰ `ਤੇ ਅਜਿਹੇ ਕੋਰਸ ਰਾਸ਼ਟਰੀ ਅਕੈਡਮੀਆਂ ਜਿਵੇਂ ਕਿ ਨੈਸ਼ਨਲ ਪੁਲਿਸ ਅਕੈਡਮੀ ਅਤੇ ਨੈਸ਼ਨਲ ਅਕੈਡਮੀ ਆਫ ਡਾਇਰੈਕਟ ਟੈਕਸਿਜ਼ ਦੁਆਰਾ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਗਸੀਪਾ ਦੇ ਬੁਨਿਆਦੀ ਢਾਂਚੇ ਅਤੇ ਸ਼ਾਨਦਾਰ ਫੈਕਲਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਸੂਰੀ ਅਕੈਡਮੀ ਨੇ ਇਸ ਦੀ ਚੋਣ ਕੀਤੀ ਹੈ।

ਉਨ੍ਹਾਂ ਕਿਹਾ ਕਿ ਵਿਸ਼ੇਸ਼ ਫਾਊਂਡੇਸ਼ਨ ਕੋਰਸ ਦਾ ਸਮਾਂ-ਸਾਰਣੀ ਬਹੁਤ ਵਿਆਪਕ ਹੈ, ਜਿਸ ਵਿੱਚ ਵੱਖ-ਵੱਖ ਵਿਸ਼ਿਆਂ `ਤੇ ਲੈਕਚਰ, ਫੀਲਡ ਵਿਜ਼ਿਟ (ਖੇਤਰੀ ਦੌਰੇ) ਅਤੇ ਹੋਰ ਵਿਚਾਰ-ਵਟਾਂਦਰਾ ਸੈਸ਼ਨ ਸ਼ਾਮਲ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਇਨ੍ਹਾਂ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਇਹ ਅਧਿਕਾਰੀ ਸਿਖਿਆਰਥੀ ਚੰਡੀਗੜ੍ਹ ਵਿੱਚ ਹਨ, ਜੋ ਕਿ ਵੱਖ-ਵੱਖ ਸੱਭਿਆਚਾਰਾਂ ਦਾ ਸੁਮੇਲ ਹੈ। ਇਸ ਸ਼ਹਿਰ ਵਿੱਚ ਖ਼ਾਸ ਕਰ ਕੇ ਪੰਜਾਬੀਅਤ ਦੀ ਮੁੱਖ ਰੰਗਤ ਦੇਖਣ ਨੂੰ ਮਿਲਦੀ ਹੈ। ਸਿਖਿਆਰਥੀ ਇਸ ਸ਼ਹਿਰ ਅਤੇ ਪੰਜਾਬ ਦੀ ਨਿੱਘੀ ਪ੍ਰਾਹੁਣਚਾਰੀ ਦਾ ਭਰਪੂਰ ਆਨੰਦ ਮਾਣਨਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਕਿ ਪੰਜਾਬ ਇਤਿਹਾਸ, ਸੱਭਿਆਚਾਰ ਅਤੇ ਪਰੰਪਰਾਵਾਂ ਪੱਖੋਂ ਬਹੁਤ ਅਮੀਰ ਹੈ ਅਤੇ ਸਿਖਿਆਰਥੀਆਂ ਨੂੰ ਇਸ ਪਵਿੱਤਰ ਧਰਤੀ ਤੋਂ ਸਿੱਖਣ ਦੇ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। 

ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਮਗਸੀਪਾ ਤੇ ਇਸ ਦੀ ਫੈਕਲਟੀ ਨੂੰ ਵੀ ਵੱਖ-ਵੱਖ ਰਾਜਾਂ, ਕੇਡਰਾਂ/ਸੇਵਾਵਾਂ ਅਤੇ ਵੱਖ-ਵੱਖ ਤਜਰਬਿਆਂ ਵਾਲੇ ਇਨ੍ਹਾਂ ਅਧਿਕਾਰੀ ਸਿਖਿਆਰਥੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ “ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋਈ ਹੈ ਕਿ ਚੰਡੀਗੜ੍ਹ, ਇਸ ਖੇਤਰ ਦਾ ਮੁੱਖ ਕੇਂਦਰ ਹੋਣ ਦੇ ਨਾਤੇ, ਜਨਤਕ ਸੇਵਾ ਦੇ ਖੇਤਰ ਵਿੱਚ ਕਈ ਉੱਘੀਆਂ ਸ਼ਖ਼ਸੀਅਤਾਂ ਦਾ ਨਿਵਾਸ ਸਥਾਨ ਹੈ, ਜਿਨ੍ਹਾਂ ਵਿੱਚੋਂ ਕਈਆਂ ਨੇ ਇਨ੍ਹਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੋਵੇਗੀ। ਇਹ ਉਹ ਅਧਿਕਾਰੀ ਹਨ, ਜਿਨ੍ਹਾਂ ਨੇ ਜਨਤਕ ਸੇਵਾ ਵਿੱਚ ਦਹਾਕੇ ਲਗਾਏ ਹਨ ਅਤੇ ਇਸ ਖੇਤਰ ਵਿੱਚ ਵਿਸ਼ੇਸ਼ ਮੁਕਾਮ ਹਾਸਲ ਕੀਤਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਤੋਂ 2022 ਵਿੱਚ ਮੇਰੀ ਸਰਕਾਰ ਨੇ ਸੱਤਾ ਸੰਭਾਲੀ ਹੈ, ਪੰਜਾਬ ਨੇ ‘ਸਿੱਖਿਆ ਕ੍ਰਾਂਤੀ` ਰਾਹੀਂ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਨਾ ਸਿਰਫ਼ ਆਉਣ ਵਾਲੀਆਂ ਪੀੜ੍ਹੀਆਂ `ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਸਗੋਂ ਆਪਣੇ ਮੌਜੂਦਾ ਕਰਮਚਾਰੀਆਂ ਦੀ ਸਮਰੱਥਾ ਵਧਾਉਣ ਅਤੇ ਉਨ੍ਹਾਂ ਨੂੰ ਸਿਖਲਾਈ ਦੇਣ ਲਈ ਵੀ ਯਤਨਸ਼ੀਲ ਹਾਂ ਤਾਂ ਜੋ ਉਹ ਪੰਜਾਬ ਦੇ ਲੋਕਾਂ ਦੀ ਬਿਹਤਰ ਸੇਵਾ ਕਰ ਸਕਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਪਹਿਲੂ `ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ ਕਿ ਇਹ ਇਕ ਨਿਰੰਤਰ ਪ੍ਰਕਿਰਿਆ ਬਣੇ ਅਤੇ ਅਧਿਆਪਕਾਂ ਦੇ ਹੁਨਰ ਨੂੰ ਹਮੇਸ਼ਾ ਤਰਾਸ਼ਿਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਮਗਸੀਪਾ ਨੇ ਲਗਪਗ 1500 ਸਿਖਲਾਈ ਪ੍ਰੋਗਰਾਮ ਚਲਾਏ ਹਨ, ਜਿਨ੍ਹਾਂ ਰਾਹੀਂ ਪ੍ਰਸ਼ਾਸਨ ਅਤੇ ਸ਼ਾਸਨ ਦੇ ਵੱਖ-ਵੱਖ ਪਹਿਲੂਆਂ ਵਿੱਚ 50,000 ਤੋਂ ਵੱਧ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਅਤੇ ਖੋਜ ਦੇ ਖੇਤਰਾਂ ਵਿੱਚ ਮੁਹਾਰਤ, ਫੈਕਲਟੀ ਅਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਮਗਸੀਪਾ ਨੇ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਸੰਸਥਾਵਾਂ/ਸੰਗਠਨਾਂ ਨਾਲ 33 ਸਹਿਮਤੀ ਪੱਤਰਾਂ `ਤੇ ਹਸਤਾਖ਼ਰ ਕੀਤੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਮਗਸੀਪਾ ਦੁਆਰਾ ਕੀਤੀ ਗਈ ਸ਼ਾਨਦਾਰ ਪ੍ਰਗਤੀ ਦੇ ਆਧਾਰ `ਤੇ ਭਾਰਤ ਸਰਕਾਰ ਦੇ ਕਪੈਸਟੀ ਬਿਲਡਿੰਗ ਕਮਿਸ਼ਨ (ਸੀ.ਬੀ.ਸੀ.) ਦੁਆਰਾ ਇਸ ਨੂੰ ਸਭ ਤੋਂ ਵੱਧ 3-ਸਟਾਰ (ਬਹੁਤ ਵਧੀਆ) ਦਰਜਾਬੰਦੀ ਨਾਲ ਮਾਨਤਾ ਦਿੱਤੀ ਗਈ ਹੈ। ਸਾਰੇ ਰਾਜਾਂ ਦੀਆਂ ਸਿਖਲਾਈ ਸੰਸਥਾਵਾਂ ਵਿੱਚੋਂ ਇਹ ਸਭ ਤੋਂ ਉੱਚੀ ਦਰਜਾਬੰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸੰਤਾਂ, ਪੀਰਾਂ-ਫਕੀਰਾਂ ਦੀ ਧਰਤੀ ਹੈ ਅਤੇ ਪੰਜਾਬ ਦੇ ਸਪੁੱਤਰਾਂ ਨੇ ਮਹਾਨ ਗੁਰੂ ਸਾਹਿਬਾਨ ਅਤੇ ਆਪਣੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਬਹੁਤ ਕੁੱਝ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਹਮੇਸ਼ਾ ਅੱਤਿਆਚਾਰ, ਬੇਇਨਸਾਫ਼ੀ ਅਤੇ ਸੋਸ਼ਣ ਦਾ ਵਿਰੋਧ ਕਰ ਕੇ ਜਮਹੂਰੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸੁਤੰਤਰਤਾ ਸੰਗਰਾਮ ਵਿੱਚ ਮਹਾਨ ਕੁਰਬਾਨੀਆਂ ਦੇਣ ਦੇ ਨਾਲ-ਨਾਲ ਸਰਹੱਦਾਂ ਦੀ ਰਾਖੀ ਤੋਂ ਲੈ ਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਲਾਮਿਸਾਲ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਵੰਡ, ਭਾਰਤ-ਪਾਕਿ ਜੰਗਾਂ ਅਤੇ ਹੋਰ ਕਈ ਜ਼ਖ਼ਮ ਝੱਲੇ ਹਨ ਪਰ ਫਿਰ ਵੀ ਪੰਜਾਬ ਹਰੇਕ ਖ਼ੇਤਰ ਵਿੱਚ ਅੱਗੇ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਆਲਮੀ ਨਾਗਰਿਕ ਹਨ, ਜਿਨ੍ਹਾਂ ਆਪਣੀ ਮਿਹਨਤ ਤੇ ਸਮਰਪਣ ਨਾਲ ਦੁਨੀਆ ਭਰ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਸਮਰਪਣ ਅਤੇ ਸਹਿਣਸ਼ੀਲਤਾ ਦੀ ਅਦੁੱਤੀ ਭਾਵਨਾ ਨਾਲ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਆਗਮੀ ਸਮੇਂ ਵਿੱਚ ਆਪਣੀ ਕਲਮ ਦੀ ਵਰਤੋਂ ਸੋਚ-ਸਮਝ ਕੇ ਲੋਕਾਂ ਦੀ ਭਲਾਈ ਲਈ ਕਰਨ ਵਾਸਤੇ ਆਖਿਆ ਤਾਂ ਕਿ ਲੋਕਾਂ ਨੂੰ ਇਸ ਦਾ ਲਾਭ ਮਿਲੇ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਸ਼ਾਨਦਾਰ ਸ਼ਹਿਰੀ ਯੋਜਨਾਬੰਦੀ ਅਤੇ ਸੜਕੀ ਬੁਨਿਆਦੀ ਢਾਂਚੇ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਮਿਸਾਲੀ ਸੁਧਾਰਾਂ ਲਈ ਵੀ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ, ਜਿਸ ਨਾਲ ਆਮ ਆਦਮੀ ਨੂੰ ਬਹੁਤ ਲਾਭ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਫੂਡ ਪ੍ਰਾਸੈਸਿੰਗ ਵਰਗੇ ਨਵੇਂ ਅਤੇ ਉੱਭਰ ਰਹੇ ਖੇਤਰਾਂ ਵਿੱਚ ਸੂਬੇ ਦੀ ਪ੍ਰਗਤੀ ਸੱਚਮੁੱਚ ਸ਼ਾਨਦਾਰ ਸੀ ਅਤੇ ਨਾਲ ਹੀ ਕਿਹਾ ਕਿ ਪਿੰਡਾਂ ਦਾ ਵਿਆਪਕ ਵਿਕਾਸ ਦੇਸ਼ ਲਈ ਇਕ ਰੋਲ ਮਾਡਲ ਹੈ।

ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਵੱਡੇ ਖੇਡ ਮੈਦਾਨ ਬਣਾ ਕੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਸੂਬਾ ਸਰਕਾਰ ਦੀ ਪਹਿਲ ਇਕ ਵਿਲੱਖਣ ਪ੍ਰਾਪਤੀ ਹੈ। ਉਨ੍ਹਾਂ ਸੂਬਾ ਸਰਕਾਰ ਖ਼ਾਸ ਕਰ ਕੇ ਮੁੱਖ ਮੰਤਰੀ ਦੀ ਉਨ੍ਹਾਂ ਦੇ ਨਿੱਘੇ ਅਤੇ ਆਰਾਮਦਾਇਕ ਠਹਿਰਾਅ ਦੇ ਨਾਲ-ਨਾਲ ਸ਼ਾਨਦਾਰ ਮਹਿਮਾਨ ਨਿਵਾਜ਼ੀ ਲਈ ਸ਼ਲਾਘਾ ਵੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਮਾਰਗ-ਦਰਸ਼ਕ ਪਹਿਲਕਦਮੀਆਂ ਕਾਰਨ ਪੰਜਾਬ ਸੱਚਮੁੱਚ ਦੇਸ਼ ਦਾ ਮੋਹਰੀ ਸੂਬਾ ਬਣਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.