IMG-LOGO
ਹੋਮ ਪੰਜਾਬ: ‘ਯੁੱਧ ਨਸ਼ਿਆਂ ਵਿਰੁੱਧ’ ਨੇ 300 ਦਿਨ ਕੀਤੇ ਪੂਰੇ : ਪੰਜਾਬ...

‘ਯੁੱਧ ਨਸ਼ਿਆਂ ਵਿਰੁੱਧ’ ਨੇ 300 ਦਿਨ ਕੀਤੇ ਪੂਰੇ : ਪੰਜਾਬ ਨੇ ਨਸ਼ਿਆਂ ਵਿਰੁੱਧ ਜੰਗ 'ਚ ਇੱਕ ਬੇਮਿਸਾਲ ਮਾਪਦੰਡ ਸਥਾਪਤ ਕੀਤਾ

Admin User - Dec 24, 2025 05:41 PM
IMG

ਚੰਡੀਗੜ੍ਹ, 24 ਦਸੰਬਰ-

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ 300 ਦਿਨ ਪੂਰੇ ਕਰ ਲਏ ਹਨ। ਇਹ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਸੂਬੇ ਦੀ ਯੋਜਨਾਬੱਧ ਲੜਾਈ ਵਿੱਚ ਇੱਕ ਵੱਡੀ ਮੀਲ ਪੱਥਰ ਹੈ।

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇਸ ਮੁਹਿੰਮ ਨੂੰ ਇੱਕ ਇਤਿਹਾਸਕ ਅਤੇ ਜਨਤਕ ਅੰਦੋਲਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦਾ ਪੱਧਰ, ਨੀਅਤ ਅਤੇ ਅਮਲ ਨਾ ਸਿਰਫ਼ ਭਾਰਤ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਬੇਮਿਸਾਲ ਹੈ।

1 ਮਾਰਚ 2025 ਤੋਂ 23 ਦਸੰਬਰ 2025 ਤੱਕ ਦੇ ਸਰਕਾਰੀ ਅੰਕੜੇ ਸਾਂਝੇ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਸਰਕਾਰ ਦੀ ਅਟੱਲ ਸਿਆਸੀ ਇੱਛਾ ਸ਼ਕਤੀ ਸਦਕਾ ਪੰਜਾਬ ਪੁਲਿਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ 28,485 ਕੇਸ ਦਰਜ ਕੀਤੇ ਗਏ ਅਤੇ 41,517 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਬਰਾਮਦ ਕੀਤੇ ਗਏ ਨਸ਼ਿਆਂ ਵਿੱਚ: ਹੀਰੋਇਨ: 1,819.669 ਕਿਲੋ, ਅਫੀਮ: 594.671 ਕਿਲੋ, ਭੁੱਕੀ/ਹਰੇ ਬੂਟੇ: 27,160.449 ਕਿਲੋ, ਚਰਸ: 40.764 ਕਿਲੋ, ਗਾਂਜਾ: 577.472 ਕਿਲੋ, ਕੋਕੀਨ: 4.364 ਕਿਲੋ, ਆਈਸ (ਸਿੰਥੈਟਿਕ ਡਰੱਗ): 25.212 ਕਿਲੋ ਅਤੇ ਨਸ਼ੀਲਾ ਪਾਊਡਰ: 40.551 ਕਿਲੋ ਸ਼ਾਮਲ ਹੈ। ਇਸ ਤੋਂ ਇਲਾਵਾ 1,666 ਟੀਕੇ, 46,03,652 ਪਾਬੰਦੀਸ਼ੁਦਾ ਗੋਲੀਆਂ/ਕੈਪਸੂਲ ਅਤੇ 15.23 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।

ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਿਰਫ਼ ਪੁਲਿਸ ਕਾਰਵਾਈ ਨਹੀਂ, ਇੱਕ ਚੌਤਰਫ਼ਾ ਰਣਨੀਤੀ

ਬਲਤੇਜ ਪੰਨੂ ਨੇ ਕਿਹਾ ਕਿ ਇਹ ਮੁਹਿੰਮ ਕਈ ਮੋਰਚਿਆਂ 'ਤੇ ਇਕੋ ਸਮੇਂ ਲੜੀ ਜਾ ਰਹੀ ਹੈ। ਜਿੱਥੇ ਪੰਜਾਬ ਪੁਲਿਸ ਸਖ਼ਤੀ ਨਾਲ ਕਾਨੂੰਨ ਲਾਗੂ ਕਰ ਰਹੀ ਹੈ, ਉੱਥੇ ਹੀ ਪ੍ਰਸ਼ਾਸਨ ਅਤੇ 'ਨਸ਼ਾ ਮੁਕਤੀ ਮੋਰਚਾ' ਮੁੜ ਵਸੇਬੇ ਅਤੇ ਰੋਕਥਾਮ ਲਈ ਅਣਥੱਕ ਮਿਹਨਤ ਕਰ ਰਹੇ ਹਨ।

ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਗਈ ਹੈ। ਉਨ੍ਹਾਂ ਨੂੰ ਅਣਗੌਲੀਆਂ ਥਾਵਾਂ ਤੋਂ ਵਧੀਆਂ ਰਿਕਵਰੀ ਸੈਂਟਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਲੋੜੀਂਦੀਆਂ ਦਵਾਈਆਂ, ਵਧੀਆ ਭੋਜਨ, ਸਾਫ਼-ਸੁਥਰਾ ਰਹਿਣ-ਸਹਿਣ, ਖੇਡ ਸਹੂਲਤਾਂ ਅਤੇ ਉਸਾਰੂ ਰੁਝੇਵੇਂ ਯਕੀਨੀ ਬਣਾਏ ਗਏ ਹਨ। ਲਾਇਬ੍ਰੇਰੀਆਂ, ਜੋ ਕਦੇ ਬੰਦ ਰਹਿੰਦੀਆਂ ਸਨ, ਹੁਣ ਪ੍ਰੇਰਨਾਦਾਇਕ ਸਾਹਿਤ ਅਤੇ ਪੰਜਾਬੀ ਤੇ ਹਿੰਦੀ ਦੇ ਅਖ਼ਬਾਰਾਂ ਨਾਲ ਭਰੀਆਂ ਹੋਈਆਂ ਹਨ।

ਲੋਕ ਲਹਿਰ: ਸੂਬੇ ਤੋਂ ਪਿੰਡ ਪੱਧਰ ਤੱਕ ਦਾ ਢਾਂਚਾ

ਨਸ਼ਾ ਮੁਕਤੀ ਮੋਰਚੇ ਦੇ ਤਹਿਤ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਸੀ: ਮਾਝਾ, ਦੋਆਬਾ, ਮਾਲਵਾ ਪੂਰਬੀ, ਮਾਲਵਾ ਪੱਛਮੀ ਅਤੇ ਮਾਲਵਾ ਕੇਂਦਰੀ। ਇਸ ਅੰਦੋਲਨ ਦਾ ਇੱਕ ਮੁੱਖ ਥੰਮ੍ਹ ਪਿੰਡਾਂ ਦੀਆਂ ਰੱਖਿਆ ਕਮੇਟੀਆਂ ਹਨ, ਜਿਨ੍ਹਾਂ ਨੂੰ ਹੁਣ ‘ਪਿੰਡ ਦੇ ਪਹਿਰੇਦਾਰ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੀ ਗਿਣਤੀ ਲਗਭਗ ਇੱਕ ਲੱਖ ਵਲੰਟੀਅਰਾਂ ਤੱਕ ਪਹੁੰਚ ਗਈ ਹੈ।

ਦੂਜਾ ਪੜਾਅ 7 ਜਨਵਰੀ ਤੋਂ ਸ਼ੁਰੂ

ਬਲਤੇਜ ਪੰਨੂ ਨੇ ਐਲਾਨ ਕੀਤਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦਾ ਦੂਜਾ ਪੜਾਅ 7 ਜਨਵਰੀ ਤੋਂ 25 ਜਨਵਰੀ ਤੱਕ ਚੱਲੇਗਾ। ਉਨ੍ਹਾਂ ਕਿਹਾ, "ਇਹ ਕਿਸੇ ਪਾਰਟੀ ਜਾਂ ਸਰਕਾਰ ਦੀ ਮੁਹਿੰਮ ਨਹੀਂ ਹੈ, ਇਹ ਪੰਜਾਬੀਆਂ ਦਾ ਪੰਜਾਬ ਲਈ ਇੱਕ ਮਿਸ਼ਨ ਹੈ।

ਮੁਹਿੰਮ ਦੇ ਕਮਜ਼ੋਰ ਪੈਣ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਪੰਨੂ ਨੇ ਕਿਹਾ, “ਕੁਝ ਲੋਕਾਂ ਦਾ ਮੰਨਣਾ ਸੀ ਕਿ ਇਹ ਕੁਝ ਹਫ਼ਤੇ ਜਾਂ ਮਹੀਨੇ ਚੱਲੇਗੀ। ਪਰ 300 ਦਿਨਾਂ ਬਾਅਦ ਵੀ ਇਹ ਮੱਠੀ ਨਹੀਂ ਪਈ। ਅਸੀਂ ਉਦੋਂ ਤੱਕ ਜਾਰੀ ਰਹਾਂਗੇ ਜਦੋਂ ਤੱਕ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੋ ਜਾਂਦਾ।

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੂਜੇ ਪੜਾਅ ਵਿੱਚ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ। ਉਨ੍ਹਾਂ ਕਿਹਾ ਕਿ ਇੱਕ ਲੱਖ ਪਹਿਰੇਦਾਰਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਪੱਸ਼ਟ ਦਿਖਾਈ ਦੇਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.