ਤਾਜਾ ਖਬਰਾਂ
ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਹਰ ਸਾਲ ਮਨਾਏ ਜਾਂਦੇ ਇਤਿਹਾਸਕ ਸ਼ਹੀਦੀ ਜੋੜ ਮੇਲ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਵਿਭਾਗ ਵੱਲੋਂ ਯਾਤਰੀਆਂ ਲਈ ਵੱਡੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਦੇ ਹਨ, ਜਿਸ ਨੂੰ ਵੇਖਦਿਆਂ ਉੱਤਰੀ ਰੇਲਵੇ ਨੇ ਸਰਹਿੰਦ ਰੇਲਵੇ ਸਟੇਸ਼ਨ ’ਤੇ ਨਾ ਰੁਕਣ ਵਾਲੀਆਂ 14 ਟ੍ਰੇਨਾਂ ਨੂੰ ਅਸਥਾਈ ਤੌਰ ’ਤੇ ਰੋਕਣ ਦਾ ਫੈਸਲਾ ਕੀਤਾ ਹੈ।
ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦੀ ਜੋੜ ਮੇਲ ਦੌਰਾਨ ਯਾਤਰੀਆਂ ਦੀ ਭਾਰੀ ਭੀੜ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਅਤੇ ਸ਼ਰਧਾਲੂਆਂ ਨੂੰ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ, ਇਸ ਲਈ ਇਹ ਪ੍ਰਬੰਧ ਕੀਤੇ ਗਏ ਹਨ। ਰੇਲਵੇ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਹਰ ਟ੍ਰੇਨ ਸਰਹਿੰਦ ਰੇਲਵੇ ਸਟੇਸ਼ਨ ’ਤੇ ਕਰੀਬ 2 ਮਿੰਟ ਲਈ ਰੁਕੇਗੀ।
ਇਸ ਤੋਂ ਇਲਾਵਾ ਕੁਝ ਪੈਸੇਂਜਰ ਟ੍ਰੇਨਾਂ ਨੂੰ ਮੁੜ ਚਲਾਉਣ ਦਾ ਵੀ ਫੈਸਲਾ ਲਿਆ ਗਿਆ ਹੈ, ਜਿਨ੍ਹਾਂ ਵਿੱਚ ਜਲੰਧਰ ਸਿਟੀ-ਫ਼ਿਰੋਜ਼ਪੁਰ ਛਾਉਣੀ, ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਅਤੇ ਡੇਰਾ ਬਾਬਾ ਨਾਨਕ-ਵੇਰਕਾ ਸ਼ਾਮਲ ਹਨ, ਜੋ ਨਿਰਧਾਰਤ ਤਾਰੀਖਾਂ ਨੂੰ ਸੇਵਾ ਵਿੱਚ ਰਹਿਣਗੀਆਂ।
ਮਿਲੀ ਜਾਣਕਾਰੀ ਮੁਤਾਬਿਕ 25 ਤੋਂ 27 ਦਸੰਬਰ ਤੱਕ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ 50 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਸ਼ਰਧਾਲੂਆਂ ਦੀ ਸੁਵਿਧਾ ਲਈ ਸਰਹਿੰਦ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਬੱਸਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਸੰਗਤ ਨੂੰ ਮੱਥਾ ਟੇਕਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ।
Get all latest content delivered to your email a few times a month.