ਤਾਜਾ ਖਬਰਾਂ
ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਖੇਤਰ ਵਿੱਚ ਦਿਨ-ਦਿਹਾੜੇ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਪ੍ਰੋਫੈਸਰ ਨੂੰ ਅਗਵਾ ਕਰਕੇ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ, ਪ੍ਰੋਫੈਸਰ ਸਵੇਰੇ ਆਪਣੀ ਰੋਜ਼ਾਨਾ ਸੈਰ ਲਈ ਨਿਕਲੇ ਸਨ ਕਿ ਇਸ ਦੌਰਾਨ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਕਾਰ ਵਿੱਚ ਜਬਰਦਸਤੀ ਬਿਠਾ ਲਿਆ।
ਅਗਵਾਕਾਰਾਂ ਨੇ ਪ੍ਰੋਫੈਸਰ ਨਾਲ ਕੁੱਟਮਾਰ ਕੀਤੀ, ਉਸਦਾ ਮੋਬਾਈਲ ਫੋਨ ਅਤੇ ਨਕਦੀ ਲੁੱਟ ਲਈ। ਇੱਥੇ ਹੀ ਨਹੀਂ, ਮੁਲਜ਼ਮਾਂ ਨੇ ਮੋਬਾਈਲ ਫੋਨ ਰਾਹੀਂ ਔਨਲਾਈਨ ਪੈਸੇ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਦੋਸ਼ੀਆਂ ਨੇ ਜ਼ਖ਼ਮੀ ਪ੍ਰੋਫੈਸਰ ਨੂੰ ਗੋਨਿਆਣਾ ਦੇ ਖਿਆਲੀ ਪਿੰਡ ਨੇੜੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਰਾਹਗੀਰਾਂ ਅਤੇ ਪਿੰਡ ਵਾਸੀਆਂ ਵੱਲੋਂ ਜ਼ਖ਼ਮੀ ਹਾਲਤ ਵਿੱਚ ਪ੍ਰੋਫੈਸਰ ਨੂੰ ਦੇਖ ਕੇ ਤੁਰੰਤ ਮਦਦ ਕੀਤੀ ਗਈ ਅਤੇ ਉਸਨੂੰ ਮੈਕਸ ਹਸਪਤਾਲ ਪਹੁੰਚਾਇਆ ਗਿਆ। ਬਾਅਦ ਵਿੱਚ ਉਸਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖ਼ਮੀ ਪ੍ਰੋਫੈਸਰ ਦੀ ਪਛਾਣ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ।
ਪ੍ਰੋਫੈਸਰ ਦੀ ਪਤਨੀ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਲਗਭਗ 6 ਵਜੇ ਐਕਟਿਵਾ ‘ਤੇ ਸੈਰ ਲਈ ਘਰੋਂ ਨਿਕਲੇ ਸਨ। ਟੀ-ਪੁਆਇੰਟ ‘ਤੇ ਐਕਟਿਵਾ ਖੜ੍ਹਾ ਕਰਕੇ ਉਹ ਬਠਿੰਡਾ ਰੋਡ ਵੱਲ ਤੁਰ ਪਏ ਸਨ, ਪਰ ਕਾਫ਼ੀ ਸਮਾਂ ਬੀਤ ਜਾਣ ਬਾਅਦ ਵੀ ਘਰ ਵਾਪਸ ਨਾ ਆਉਣ ਕਾਰਨ ਪਰਿਵਾਰ ਚਿੰਤਾ ਵਿੱਚ ਆ ਗਿਆ।
Get all latest content delivered to your email a few times a month.