ਤਾਜਾ ਖਬਰਾਂ
ਚੰਡੀਗੜ੍ਹ, 23 ਦਸੰਬਰ-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਇੱਥੋਂ ਦੀ ਮਹਾਨ ਵਿਰਾਸਤ ਪ੍ਰਤੀ ਭਾਜਪਾ ਦੀ ਨਫ਼ਰਤ ਇੱਕ ਵਾਰ ਫਿਰ ਸਭ ਦੇ ਸਾਹਮਣੇ ਆ ਗਈ ਹੈ।
ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਭਾਜਪਾ ਸਮੇਂ-ਸਮੇਂ 'ਤੇ ਆਪਣੀਆਂ ਹਰਕਤਾਂ ਨਾਲ ਇਹ ਸਾਬਤ ਕਰਦੀ ਰਹੀ ਹੈ ਕਿ ਉਸ ਦੇ ਮਨ ਵਿੱਚ ਪੰਜਾਬ ਦੀ ਹੋਂਦ ਪ੍ਰਤੀ ਰੱਤੀ ਭਰ ਵੀ ਸਤਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇੱਕ ਪਾਸੇ ਜਿੱਥੇ ਪੂਰਾ ਵਿਸ਼ਵ 'ਸ਼ਹੀਦੀ ਸਪਤਾਹ' ਦੇ ਅਧਿਆਤਮਿਕ ਮਾਹੌਲ ਵਿੱਚ ਲੀਨ ਹੈ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ, ਦੂਜੇ ਪਾਸੇ ਭਾਜਪਾ ਨੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ 'ਕਾਰਟੂਨ' ਬਣਾ ਕੇ ਇੱਕ ਸ਼ਰਮਨਾਕ ਪੋਸਟਰ ਜਾਰੀ ਕੀਤਾ ਹੈ। ਸਿੱਖ ਧਰਮ ਦੀ ਮਰਿਆਦਾ ਵਿੱਚ ਗੁਰੂਆਂ ਦਾ ਚਿੱਤਰਣ ਜਾਂ ਕਾਰਟੂਨ ਬਣਾਉਣਾ ਪੂਰੀ ਤਰ੍ਹਾਂ ਵਰਜਿਤ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੀ ਇਸ ਘਟੀਆ ਹਰਕਤ ਨੇ ਨਾ ਸਿਰਫ਼ ਸਿੱਖ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ, ਸਗੋਂ ਦੁਨੀਆ ਭਰ ਦੇ ਸਿੱਖਾਂ ਅਤੇ ਪੰਜਾਬੀਆਂ ਦੀ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਇਸ ਪੋਸਟਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਪੰਜਾਬੀ ਦੇ ਮਨ ਵਿੱਚ ਭਾਰੀ ਰੋਸ ਅਤੇ ਗੁੱਸਾ ਹੈ। ਭਾਜਪਾ ਨੇ ਜਾਣਬੁੱਝ ਕੇ ਅਜਿਹੇ ਪਵਿੱਤਰ ਸਮੇਂ 'ਤੇ ਇਹ ਵਿਵਾਦ ਖੜ੍ਹਾ ਕੀਤਾ ਹੈ ਤਾਂ ਜੋ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।
ਧਾਲੀਵਾਲ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਅਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪ 'ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗਾ ਅਤੇ ਹੈਰਾਨੀਜਨਕ ਹੈ ਕਿ ਜਿਸ ਸਮੇਂ ਭਾਜਪਾ ਵੱਲੋਂ ਇਹ ਅਪਮਾਨਜਨਕ ਪੋਸਟਰ ਜਾਰੀ ਕੀਤਾ ਗਿਆ, ਉਸੇ ਵੇਲੇ ਐਸ.ਜੀ.ਪੀ.ਸੀ ਨੂੰ ਇਸ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਸੀ, ਪਰ ਸਿਆਸੀ ਮਿਲੀਭੁਗਤ ਕਾਰਨ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਠੋਸ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਆਮ ਆਦਮੀ ਪਾਰਟੀ ਭਾਜਪਾ ਦੀ ਇਸ ਸ਼ਰਮਨਾਕ ਅਤੇ ਨਿੰਦਣਯੋਗ ਹਰਕਤ ਦੀ ਨਿੰਦਾ ਕਰਦੀ ਹੈ। ਧਾਲੀਵਾਲ ਨੇ ਮੰਗ ਕੀਤੀ ਕਿ ਭਾਜਪਾ ਦੀ ਪੂਰੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਆਪਣੀ ਇਸ ਗਲਤੀ ਲਈ ਤੁਰੰਤ ਅਤੇ ਬਿਨਾਂ ਕਿਸੇ ਸ਼ਰਤ ਦੇ ਦੁਨੀਆ ਭਰ ਦੇ ਸਿੱਖਾਂ ਤੋਂ ਜਨਤਕ ਤੌਰ 'ਤੇ ਮੁਆਫੀ ਮੰਗੇ।
ਧਾਲੀਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਐਸ.ਜੀ.ਪੀ.ਸੀ ਨੂੰ ਵੀ ਅਪੀਲ ਕੀਤੀ ਕਿ ਉਹ ਭਾਜਪਾ ਦੀ ਇਸ ਮਰਿਆਦਾ ਵਿਰੋਧੀ ਹਰਕਤ ਦਾ ਸਖ਼ਤ ਨੋਟਿਸ ਲੈਣ। ਉਨ੍ਹਾਂ ਮੰਗ ਕੀਤੀ ਕਿ ਸਿੱਖਾਂ ਦੀਆਂ ਸਰਵਉੱਚ ਧਾਰਮਿਕ ਸੰਸਥਾਵਾਂ ਇਸ ਮਾਮਲੇ ਵਿੱਚ ਮੂਕ ਦਰਸ਼ਕ ਨਾ ਬਣਨ ਅਤੇ ਭਾਜਪਾ ਖ਼ਿਲਾਫ਼ ਤੁਰੰਤ ਸਖ਼ਤ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਜੁਰਅਤ ਨਾ ਕਰ ਸਕੇ।
Get all latest content delivered to your email a few times a month.