ਤਾਜਾ ਖਬਰਾਂ
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਮਿੱਤਲ ਗਰੁੱਪ ਬਠਿੰਡਾ ਰਿਫਾਇਨਰੀ ਵਿੱਚ 2600 ਕਰੋੜ ਰੁਪਏ ਦਾ ਨਵਾਂ ਨਿਵੇਸ਼ ਕਰਨ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵੱਡੇ ਨਿਵੇਸ਼ ਨਾਲ ਪੰਜਾਬ ਵਿੱਚ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਹੋਣਗੇ ਅਤੇ ਸੂਬੇ ਦੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।
ਮੰਤਰੀ ਅਰੋੜਾ ਨੇ ਦੱਸਿਆ ਕਿ 2 ਹਜ਼ਾਰ ਏਕੜ ਵਿੱਚ ਫੈਲੀ ਇਸ ਰਿਫਾਇਨਰੀ ਵਿੱਚ ਪਹਿਲਾਂ ਹੀ 10,000 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਅਤੇ ਨਵੇਂ ਨਿਵੇਸ਼ ਨਾਲ ਆਉਣ ਵਾਲੇ ਸਮੇਂ ਵਿੱਚ ਰੁਜ਼ਗਾਰ ਵਿੱਚ 10 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਪੈਟਰੋਲ ਪੰਪ ਲਾਈਸੈਂਸ ਪ੍ਰਕਿਰਿਆ ਹੋਈ ਸਰਲ
ਕੈਬਨਿਟ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੰਪਨੀ ਨੇ ਹੁਣ ਪੈਟਰੋਲ ਪੰਪ ਲਗਾਉਣ ਦੀ ਪ੍ਰਕਿਰਿਆ ਨੂੰ ਬਹੁਤ ਸਰਲ ਬਣਾ ਦਿੱਤਾ ਹੈ। ਜਿੱਥੇ ਪਹਿਲਾਂ ਪੰਪ ਦਾ ਲਾਇਸੈਂਸ ਲੈਣ ਲਈ ਸਿਫ਼ਾਰਸ਼ਾਂ ਅਤੇ ਲੰਬੀ ਭਟਕਣਾ ਪੈਂਦੀ ਸੀ, ਉੱਥੇ ਹੁਣ ਕੰਪਨੀ ਦੋ ਦਿਨਾਂ ਦੇ ਅੰਦਰ ਪੈਟਰੋਲ ਪੰਪ ਦਾ ਲਾਇਸੈਂਸ ਜਾਰੀ ਕਰ ਦੇਵੇਗੀ।
ਭਵਿੱਖ ਦੀ ਯੋਜਨਾ: ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੈਟਰੋਲ, ਡੀਜ਼ਲ ਅਤੇ ਸੀ.ਐੱਨ.ਜੀ. ਦੇ ਨਾਲ-ਨਾਲ ਇਲੈਕਟ੍ਰਿਕ ਸਟੇਸ਼ਨ ਵੀ ਬਣਾਏ ਜਾਣਗੇ। ਪੈਟਰੋਲ ਪੰਪ ਲਈ 0.5 ਏਕੜ ਤੋਂ ਲੈ ਕੇ 2 ਏਕੜ ਤੱਕ ਜ਼ਮੀਨ ਦੀ ਲੋੜ ਹੋਵੇਗੀ।
ਪਲਾਸਟਿਕ ਮੈਨੂਫੈਕਚਰਿੰਗ 'ਤੇ ਜ਼ੋਰ
ਅਰੋੜਾ ਨੇ ਦੱਸਿਆ ਕਿ ਰਿਫਾਇਨਰੀ ਵਿੱਚ ਪਲਾਸਟਿਕ ਦਾ ਦਾਣਾ (ਪਾਲੀਅਸਟਰ) ਬਣਾਇਆ ਜਾ ਰਿਹਾ ਹੈ। ਪਲਾਸਟਿਕ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਇੰਡਸਟ੍ਰੀਅਲ ਪਾਰਕ ਵਿਕਸਤ ਕਰੇਗੀ।
ਮੰਤਰੀ ਨੇ ਸਪੱਸ਼ਟ ਕੀਤਾ ਕਿ 2600 ਕਰੋੜ ਰੁਪਏ ਦਾ ਇਹ ਨਿਵੇਸ਼ ਸਿਰਫ਼ ਬਠਿੰਡਾ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਪੂਰੇ ਪੰਜਾਬ ਵਿੱਚ ਰਿਫਾਇਨਰੀ ਅਤੇ ਇਸ ਨਾਲ ਸਬੰਧਤ ਉਦਯੋਗਾਂ ਦਾ ਵਿਸਤਾਰ ਕੀਤਾ ਜਾਵੇਗਾ। ਪੰਜਾਬ ਸਰਕਾਰ ਨਵਿਆਉਣਯੋਗ ਊਰਜਾ (Renewable Energy) ਦੀ ਦਿਸ਼ਾ ਵਿੱਚ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ, ਜਿਸ ਨਾਲ ਚੀਨ ਵਰਗੇ ਦੇਸ਼ਾਂ ਦਾ ਮੁਕਾਬਲਾ ਕਰਨ ਵਿੱਚ ਮਦਦ ਮਿਲੇਗੀ।
Get all latest content delivered to your email a few times a month.