ਤਾਜਾ ਖਬਰਾਂ
ਨਾਭਾ ਦੇ ਪਿੰਡ ਬਾਬਰਪੁਰ ਵਿਖੇ ਸੋਮਵਾਰ ਨੂੰ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ, ਜਿੱਥੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਤੋਂ ਵੀ ਦੁਖਦਾਈ ਘਟਨਾ ਉਦੋਂ ਵਾਪਰੀ ਜਦੋਂ ਮ੍ਰਿਤਕ ਦੀ ਮਾਂ ਸ਼ਿਮਲੋ ਰਾਣੀ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਅਤੇ ਕੁਝ ਹੀ ਘੰਟਿਆਂ ਵਿੱਚ ਉਸਨੇ ਵੀ ਦਮ ਤੋੜ ਦਿੱਤਾ।
ਮ੍ਰਿਤਕ ਬਿਜਲੀ ਮੁਲਾਜ਼ਮ ਦੀ ਪਛਾਣ ਸੰਜੀਵ ਕੁਮਾਰ ਵਜੋਂ ਹੋਈ ਹੈ, ਜੋ ਪਿੰਡ ਬਾਬਰਪੁਰ ਵਿਖੇ ਟਰਾਂਸਫਾਰਮਰ 'ਤੇ ਮੁਰੰਮਤ ਦਾ ਕੰਮ ਕਰ ਰਿਹਾ ਸੀ।
JE 'ਤੇ ਲੱਗੇ ਲਾਪਰਵਾਹੀ ਦੇ ਗੰਭੀਰ ਇਲਜ਼ਾਮ
ਇਸ ਦੋਹਰੀ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਸੰਜੀਵ ਕੁਮਾਰ ਦੇ ਪਿਤਾ ਦੇ ਬਿਆਨਾਂ 'ਤੇ ਸੰਬੰਧਿਤ ਜੇਈ (JE) ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਹੈ ਕਿ ਜੇਈ ਹਰਪ੍ਰੀਤ ਸਿੰਘ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ।
ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ:
"ਜੇਈ ਵੱਲੋਂ ਬਿਨਾਂ ਕਿਸੇ ਸੁਰੱਖਿਆ ਪਰਮਿਟ ਦੇ ਹੀ ਲਾਈਨਮੈਨ (ਸੰਜੀਵ) ਨੂੰ ਟਰਾਂਸਫਾਰਮਰ 'ਤੇ ਬਿਜਲੀ ਦਾ ਨੁਕਸ ਠੀਕ ਕਰਨ ਲਈ ਚੜ੍ਹਾ ਦਿੱਤਾ ਗਿਆ, ਜਦੋਂ ਕਿ ਉਸ ਵਿੱਚ ਬਿਜਲੀ ਚੱਲ ਰਹੀ ਸੀ। ਇਸੇ ਕਾਰਨ ਸੰਜੀਵ ਨੂੰ ਅਚਾਨਕ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ।"
ਪੁੱਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਾਂ ਸ਼ਿਮਲੋ ਦੇਵੀ ਸਦਮਾ ਬਰਦਾਸ਼ਤ ਨਹੀਂ ਕਰ ਸਕੀ ਅਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਪੁਲਿਸ ਕਰ ਰਹੀ ਹੈ ਭਾਲ
ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਜੇਈ ਹਰਪ੍ਰੀਤ ਸਿੰਘ ਖ਼ਿਲਾਫ਼ ਥਾਣਾ ਸਦਰ ਅਧੀਨ ਚੌਂਕੀ ਦੰਦਰਾਲਾ ਢੀਂਡਸਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਅਧਿਕਾਰੀ ਨੇ ਪੁਸ਼ਟੀ ਕੀਤੀ, "ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਜੇਈ ਹਰਪ੍ਰੀਤ ਸਿੰਘ ਨੇ ਪਰਮਿਟ ਲਏ ਬਗੈਰ ਮੁਲਾਜ਼ਮ ਨੂੰ ਉੱਪਰ ਚੜ੍ਹਾ ਦਿੱਤਾ, ਜਿਸ ਕਾਰਨ ਇਹ ਦੁਖਦ ਹਾਦਸਾ ਵਾਪਰਿਆ। ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਉਸਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"
Get all latest content delivered to your email a few times a month.