ਤਾਜਾ ਖਬਰਾਂ
ਅੰਮ੍ਰਿਤਸਰ ਦੇ ਛੇਹਰਟਾ ਥਾਣਾ ਖੇਤਰ ਵਿੱਚ ਇੱਕ ਸਨਸਨੀਖੇਜ਼ ਘਟਨਾ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਜਸਪਾਲ ਸਿੰਘ ਨਾਮ ਦੇ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਗੋਲੀ ਲੱਗਣ ਤੋਂ ਬਾਅਦ ਜਸਪਾਲ ਸਿੰਘ ਖੁਦ ਸਥਾਨਕ ਥਾਣੇ ਪਹੁੰਚਿਆ, ਜਿੱਥੋਂ ਪੁਲਿਸ ਨੇ ਉਸਨੂੰ ਫੌਰੀ ਤੌਰ 'ਤੇ ਹਸਪਤਾਲ ਵਿੱਚ ਦਾਖਲ ਕਰਵਾਇਆ।
ਜ਼ਖਮੀ ਜਸਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਇਹ ਹਮਲਾ ਹਰਪ੍ਰੀਤ ਨਾਮ ਦੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਨਾਲ ਉਸਦੀ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ। ਹਮਲੇ ਵੇਲੇ ਹਰਪ੍ਰੀਤ ਅਤੇ ਉਸਦਾ ਇੱਕ ਸਾਥੀ ਮੌਕੇ 'ਤੇ ਮੌਜੂਦ ਸਨ, ਜਦੋਂ ਕਿ ਦੋ ਹੋਰ ਵਿਅਕਤੀ ਇੱਕ XUV ਗੱਡੀ ਵਿੱਚ ਸਵਾਰ ਸਨ। ਦੋਸ਼ੀਆਂ ਨੇ ਅਚਾਨਕ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਸਿੱਧੀ ਜਸਪਾਲ ਸਿੰਘ ਦੀ ਲੱਤ ਵਿੱਚ ਲੱਗੀ।
ਗੋਲੀਬਾਰੀ ਦਾ ਦ੍ਰਿਸ਼ ਸੀਸੀਟੀਵੀ ਵਿੱਚ ਕੈਦ
ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਹੈ। ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਹਮਲਾਵਰ ਗੱਡੀ ਵਿੱਚੋਂ ਉੱਤਰਦਾ ਹੈ ਅਤੇ ਸਿੱਧੇ ਗੋਲੀਆਂ ਚਲਾਉਂਦਾ ਹੈ। ਪੁਲਿਸ ਨੇ ਮੌਕੇ ਤੋਂ ਗੋਲੀ ਦੇ ਦੋ ਖਾਲੀ ਖੋਲ ਬਰਾਮਦ ਕੀਤੇ ਹਨ।
ਜਾਂਚ ਦੀ ਅਗਵਾਈ ਕਰ ਰਹੇ ਪੁਲਿਸ ਅਧਿਕਾਰੀ ਲਵਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਹਮਲਾਵਰ ਇਲਾਕੇ ਦੀ ਨਾਲ ਲੱਗਦੀ ਗਲੀ ਦੇ ਹੀ ਰਹਿਣ ਵਾਲੇ ਹਨ, ਪਰ ਵਾਰਦਾਤ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਮਿਲੇ ਹਨ। ਉਨ੍ਹਾਂ ਕਿਹਾ, "ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਦੀਆਂ ਕਈ ਟੀਮਾਂ ਤੁਰੰਤ ਬਣਾਈਆਂ ਗਈਆਂ ਹਨ ਅਤੇ ਛਾਪੇਮਾਰੀ ਜਾਰੀ ਹੈ।"
ਪੁਲਿਸ ਇਸ ਗੱਲ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਪੁਰਾਣੀ ਰੰਜਿਸ਼ ਦੇ ਨਾਲ-ਨਾਲ ਇਸ ਘਟਨਾ ਦੇ ਪਿੱਛੇ ਕੋਈ ਹੋਰ ਸਾਜ਼ਿਸ਼ ਜਾਂ ਵਿਦੇਸ਼ੀ ਕਨੈਕਸ਼ਨ ਤਾਂ ਨਹੀਂ ਹੈ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.