ਤਾਜਾ ਖਬਰਾਂ
ਚੰਡੀਗੜ੍ਹ, 22 ਦਸੰਬਰ:
ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਇਜ਼ਰਾਈਲ ਦੇ ਮੰਤਰੀ ਅਤੇ ਇਜ਼ਰਾਇਲੀ ਦੂਤਾਵਾਸ ਵਿਖੇ ਮਿਸ਼ਨ ਡਿਪਟੀ ਹੈੱਡ ਸ੍ਰੀ ਫਾਰੇਸ ਸਾਏਬ ਨਾਲ ਮੁਲਾਕਾਤ ਕੀਤੀ।
ਮੀਟਿੰਗ ਦੌਰਾਨ ਪਾਣੀ ਦੀ ਸੰਭਾਲ ਅਤੇ ਸੀਵਰੇਜ ਦੇ ਪਾਣੀ ਦੀ ਮੁੜ ਵਰਤੋਂ ਵਾਲੇ ਖੇਤਰਾਂ ਖ਼ਾਸਕਰ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ ਵਰਤੋਂ ਲਈ ਉੱਨਤ ਇਜ਼ਰਾਈਲੀ ਤਕਨੀਕਾਂ ਨੂੰ ਅਪਣਾਉਣ 'ਤੇ ਵਿਸਤ੍ਰਿਤ ਚਰਚਾ ਕੀਤੀ ਗਈ।
ਕੈਬਨਿਟ ਮੰਤਰੀ ਨੇ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਅਤੇ ਨਾਗਰਿਕ ਸੇਵਾਵਾਂ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ ਟਿਕਾਊ ਪਾਣੀ ਪ੍ਰਬੰਧਨ ਅਤੇ ਸੋਧੇ ਹੋਏ ਗੰਦੇ ਪਾਣੀ ਦੀ ਕੁਸ਼ਲ ਢੰਗ ਨਾਲ ਮੁੜ ਵਰਤੋਂ ਸੂਬਾ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ।
ਸ੍ਰੀ ਫਾਰੇਸ ਸਾਏਬ ਨੇ ਪਾਣੀ ਦੀ ਕੁਸ਼ਲਤਾ, ਟਰੀਟਡ ਸੀਵਰੇਜ ਦੀ ਮੁੜ ਵਰਤੋਂ ਅਤੇ ਆਧੁਨਿਕ ਸ਼ਹਿਰੀ ਬੁਨਿਆਦੀ ਢਾਂਚੇ ਦੇ ਹੱਲਾਂ ਵਿੱਚ ਇਜ਼ਰਾਈਲ ਦੇ ਵਿਸ਼ਵ-ਪੱਧਰੀ ਮਾਨਤਾ ਪ੍ਰਾਪਤ ਅਭਿਆਸਾਂ ਬਾਰੇ ਵਿਚਾਰ ਸਾਂਝੇ ਕੀਤੇ। ਦੋਵਾਂ ਧਿਰਾਂ ਨੇ ਪੰਜਾਬ ਦੇ ਸ਼ਹਿਰਾਂ ਵਿੱਚ ਅਜਿਹੀਆਂ ਤਕਨੀਕਾਂ ਦੇ ਵਿਹਾਰਕ ਲਾਗੂਕਰਨ ਦੀ ਪੜਚੋਲ ਕਰਨ ਲਈ ਸੰਭਾਵੀ ਤਕਨੀਕੀ ਸਹਿਯੋਗ, ਸੂਚਨਾ ਦਾ ਅਦਾਨ-ਪ੍ਰਦਾਨ ਕਰਨ ਸਣੇ ਭਵਿੱਖੀ ਸ਼ਮੂਲੀਅਤ ’ਤੇ ਵਿਚਾਰ-ਚਰਚਾ ਕੀਤੀ।
ਸ੍ਰੀ ਸਾਏਬ ਨੇ ਸ. ਹਰਦੀਪ ਸਿੰਘ ਮੁੰਡੀਆਂ ਨੂੰ ਇਨ੍ਹਾਂ ਤਕਨਾਲੋਜੀਆਂ ਨੂੰ ਨੇੜਿਉਂ ਦੇਖਣ ਅਤੇ ਡੂੰਘੇ ਸਹਿਯੋਗ ਲਈ ਰਾਹ ਤਲਾਸ਼ਣ ਲਈ ਇਜ਼ਰਾਈਲ ਦਾ ਦੌਰਾ ਕਰਨ ਦਾ ਸੱਦਾ ਵੀ ਦਿੱਤਾ। ਇਸ ਤੋਂ ਇਲਾਵਾ ਸੁਹਿਰਦ ਅਤੇ ਉਸਾਰੂ ਮਾਹੌਲ ਵਿੱਚ ਆਪਸੀ ਸਮਝ-ਬੂਝ ਅਤੇ ਸਹਿਯੋਗ ਦੇ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਇਜ਼ਰਾਈਲ ਦੀਆਂ ਤਕਨੀਕਾਂ ਨੂੰ ਸੂਬੇ ਦੇ ਵਿਕਾਸ ਲਈ ਅਪਨਾਉਣ ਲਈ ਉਹ ਛੇਤੀ ਹੀ ਇਜ਼ਰਾਈਲ ਦਾ ਦੌਰਾ ਕਰਨਗੇ।
ਮੀਟਿੰਗ ਵਿੱਚ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਹੋਰ ਅਧਿਕਾਰੀ ਸ਼ਾਮਲ ਸਨ।
Get all latest content delivered to your email a few times a month.