ਤਾਜਾ ਖਬਰਾਂ
ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤਾਜ਼ਾ ਮਾਮਲਾ ਮਲੋਟ-ਬਠਿੰਡਾ ਰੋਡ 'ਤੇ ਪਿੰਡ ਥੇੜੀ ਨੇੜਿਓਂ ਸਾਹਮਣੇ ਆਇਆ ਹੈ, ਜਿੱਥੇ ਸਵੇਰੇ-ਸਵੇਰੇ ਇੱਕ ਕਾਲਜ ਵੈਨ ਦੀ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ।
ਇਸ ਹਾਦਸੇ ਵਿੱਚ ਕਾਲਜ ਵੈਨ ਦੇ ਡਰਾਈਵਰ ਅਤੇ ਵੈਨ ਵਿੱਚ ਸਵਾਰ ਇੱਕ ਅਧਿਆਪਕਾ ਜ਼ਖਮੀ ਹੋ ਗਏ।
ਰੁਪਿੰਦਰ ਸਿੰਘ ਵਿਦਿਆਰਥੀਆਂ ਨੂੰ ਲੈ ਕੇ ਜਾ ਰਿਹਾ ਸੀ ਬਠਿੰਡਾ
ਮਿਲੀ ਜਾਣਕਾਰੀ ਅਨੁਸਾਰ, ਵੈਨ ਦਾ ਡਰਾਈਵਰ ਰੁਪਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਬੋਦੀਵਾਲਾ ਖੜਕ ਸਿੰਘ, ਰੋਜ਼ਾਨਾ ਦੀ ਤਰ੍ਹਾਂ ਸ਼ੇਰਗੜ੍ਹ ਤੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਲੈ ਕੇ ਬਾਬਾ ਫਰੀਦ ਕਾਲਜ ਬਠਿੰਡਾ ਜਾ ਰਿਹਾ ਸੀ।
ਜਦੋਂ ਵੈਨ ਪਿੰਡ ਥੇੜੀ ਨੇੜੇ ਪਹੁੰਚੀ, ਤਾਂ ਸੰਘਣੀ ਧੁੰਦ ਕਾਰਨ ਇਹ ਵੈਨ ਸਾਹਮਣੇ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ
ਹਾਦਸੇ ਵਿੱਚ ਵੈਨ ਚਾਲਕ ਰੁਪਿੰਦਰ ਸਿੰਘ ਅਤੇ ਵੈਨ ਵਿੱਚ ਸਵਾਰ ਇੱਕ ਮਹਿਲਾ ਅਧਿਆਪਕਾ ਜ਼ਖਮੀ ਹੋ ਗਏ। ਜ਼ਖਮੀ ਚਾਲਕ ਨੂੰ ਤੁਰੰਤ ਸਰਕਾਰੀ ਹਸਪਤਾਲ ਮਲੋਟ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਗ਼ਨੀਮਤ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੜਕ ਤੋਂ ਨੁਕਸਾਨੇ ਗਏ ਵਾਹਨਾਂ ਨੂੰ ਹਟਾਇਆ ਜਾ ਰਿਹਾ ਹੈ।
ਪੰਜਾਬ ਦੇ ਲੋਕਾਂ ਨੂੰ ਧੁੰਦ ਵਿੱਚ ਸਫ਼ਰ ਦੌਰਾਨ ਹੌਲੀ ਚੱਲਣ ਅਤੇ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ।
Get all latest content delivered to your email a few times a month.