ਤਾਜਾ ਖਬਰਾਂ
ਲੁਧਿਆਣਾ ਵਿੱਚ ਪਵਿੱਤਰ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 22 ਦਸੰਬਰ 2024 ਨੂੰ ਸ਼ੁਰੂ ਕੀਤੀ ਗਈ ਮੁਹਿੰਮ ਨੇ ਇੱਕ ਸਾਲ ਪੂਰਾ ਕਰ ਲਿਆ ਹੈ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਇਹ ਮੁਹਿੰਮ ਬਹੁਤ ਚੁਣੌਤੀਪੂਰਨ ਰਹੀ ਹੈ, ਪਰ ਲੋਕਾਂ ਦੇ ਸਹਿਯੋਗ ਨਾਲ ਇਸ ਦਾ ਟੀਚਾ ਸੌ ਫੀਸਦੀ ਪੂਰਾ ਕੀਤਾ ਜਾਵੇਗਾ।
ਮੁਹਿੰਮ ਦੇ ਇੱਕ ਸਾਲ ਪੂਰੇ ਹੋਣ ਦੀ ਪੂਰਬ ਸੰਧਿਆ ‘ਤੇ ਉਨ੍ਹਾਂ ਲੁਧਿਆਣਾ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹਿਰ ਦੇ ਲੋਕ ਹੁਣ ਬੁੱਢੇ ਦਰਿਆ ਦੇ ਪ੍ਰਦੂਸ਼ਣ ਪ੍ਰਤੀ ਜਾਗਰੂਕ ਹੋ ਰਹੇ ਹਨ। ਇਸ ਮੌਕੇ ਸੰਤ ਸੀਚੇਵਾਲ ਨੇ ਬੁੱਢੇ ਦਰਿਆ ਵਿੱਚ ਕਿਸ਼ਤੀ ਚਲਾ ਕੇ ਦਰਿਆ ਦੀ ਬਦਲਦੀ ਤਸਵੀਰ ਵੀ ਦਰਸਾਈ। ਉਨ੍ਹਾਂ ਕਿਹਾ ਕਿ ਕਦੇ ਬੁੱਢਾ ਨਾਲਾ ਬਣ ਚੁੱਕਾ ਇਹ ਦਰਿਆ ਹੁਣ ਮੁੜ ਆਪਣੇ ਅਸਲੀ ਸਰੂਪ ਵੱਲ ਵਾਪਸੀ ਕਰ ਰਿਹਾ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਪੇਂਡੂ ਖੇਤਰ ਦੀਆਂ 79 ਡੇਅਰੀਆਂ ਦਾ ਗੋਹਾ ਦਰਿਆ ਵਿੱਚ ਜਾਣ ਤੋਂ ਰੋਕਿਆ ਗਿਆ ਹੈ, ਜੋ ਕਿ ਇਸ ਮੁਹਿੰਮ ਦੀ ਇੱਕ ਵੱਡੀ ਸਫਲਤਾ ਹੈ। ਇਸਦੇ ਨਾਲ ਹੀ ਨਗਰ ਨਿਗਮ ਵੱਲੋਂ ਵੱਖ-ਵੱਖ ਥਾਵਾਂ ਤੋਂ ਪੈ ਰਹੇ 165 ਐਮਐਲਡੀ ਗੰਦੇ ਪਾਣੀ ਨੂੰ 225 ਐਮਐਲਡੀ ਟਰੀਟਮੈਂਟ ਪਲਾਂਟ ਤੱਕ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਦਰਿਆ ਵਿੱਚੋਂ ਛੇ-ਛੇ ਫੁੱਟ ਤੱਕ ਗਾਰ ਕੱਢੀ ਜਾਣ ਕਾਰਨ ਅਗਸਤ ਵਿੱਚ ਆਏ ਹੜ੍ਹ ਦੌਰਾਨ ਕੰਢਿਆਂ ‘ਤੇ ਵਸਦੇ ਲੋਕ ਵੱਡੇ ਨੁਕਸਾਨ ਤੋਂ ਬਚ ਗਏ।
ਸੰਗਤ ਘਾਟ ‘ਤੇ ਦਰਿਆ ਦੇ ਪਾਣੀ ਦਾ ਟੀਡੀਐਸ ਮਾਪਿਆ ਗਿਆ, ਜੋ ਲਗਭਗ 160 ਆਇਆ, ਜਦਕਿ ਪਿਛਲੇ ਸਾਲ ਇਹ ਅੰਕੜਾ 2 ਹਜ਼ਾਰ ਤੋਂ ਵੀ ਵੱਧ ਹੁੰਦਾ ਸੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ 225 ਐਮਐਲਡੀ ਟਰੀਟਮੈਂਟ ਪਲਾਂਟ ਅਤੇ ਡਾਇੰਗ ਉਦਯੋਗਾਂ ਦੇ 40 ਤੋਂ 50 ਐਮਐਲਡੀ ਜ਼ਹਿਰੀਲੇ ਪਾਣੀ ਦਾ ਟਰੀਟਮੈਂਟ ਅਜੇ ਮਾਪਦੰਡਾਂ ਅਨੁਸਾਰ ਨਹੀਂ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਤਾਜ਼ਪੁਰ ਡੇਅਰੀ ਕੰਪਲੈਕਸ ਦੇ ਗੰਦੇ ਪਾਣੀ ਲਈ ਵੀ ਅਜੇ ਪੱਕਾ ਪ੍ਰਬੰਧ ਹੋਣਾ ਬਾਕੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਉਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਨੇ ਸੰਤ ਸੀਚੇਵਾਲ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜਲਦ ਹੀ ਬੁੱਢਾ ਨਾਲਾ ਮੁੜ ਬੁੱਢੇ ਦਰਿਆ ਦੇ ਰੂਪ ਵਿੱਚ ਨਜ਼ਰ ਆਵੇਗਾ ਅਤੇ ਲੋਕ ਪਹਿਲਾਂ ਵਾਂਗ ਇਸ ਦੇ ਘਾਟਾਂ ‘ਤੇ ਆਪਣੀਆਂ ਧਾਰਮਿਕ ਰੀਤਾਂ ਅਦਾ ਕਰ ਸਕਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਾ ਸੁੱਟੀ ਜਾਵੇ।
Get all latest content delivered to your email a few times a month.