IMG-LOGO
ਹੋਮ ਪੰਜਾਬ: ਅਸੀਂ ਨੌਜਵਾਨਾਂ ਨੂੰ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰ ਰਹੇ ਹਾਂ,...

ਅਸੀਂ ਨੌਜਵਾਨਾਂ ਨੂੰ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰ ਰਹੇ ਹਾਂ, ਜਦੋਂ ਕਿ ਅਕਾਲੀ ਨੌਜਵਾਨਾਂ ਨੂੰ ਡਾਇਨਾਸੌਰ ਯੁੱਗ ਵਿੱਚ ਖਿੱਚਣਾ ਚਾਹੁੰਦੇ ਹਨ: ਮੁੱਖ ਮੰਤਰੀ

Admin User - Dec 21, 2025 08:22 PM
IMG

ਧੂਰੀ, 21 ਦਸੰਬਰ- 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਿੱਥੇ ਸੂਬਾ ਸਰਕਾਰ ਪੰਜਾਬੀ ਨੌਜਵਾਨਾਂ ਨੂੰ ਡਾਕਟਰ ਅਤੇ ਇੰਜਨੀਅਰ ਬਣਾ ਕੇ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰਨ ਲਈ ਸਖ਼ਤ ਯਤਨ ਕਰ ਰਹੀ ਹੈ, ਉੱਥੇ ਅਕਾਲੀ ਦਲ ਸੂਬੇ ਨੂੰ ਡਾਇਨਾਸੌਰ ਯੁੱਗ ਵਿੱਚ ਵਾਪਸ ਖਿੱਚਣ 'ਤੇ ਤੁਲਿਆ ਹੋਇਆ ਹੈ।


ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਡਾਕਟਰ ਅਤੇ ਇੰਜਨੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਜ਼ਿੰਦਗੀ ਵਿੱਚ ਸਫ਼ਲ ਹੋ ਸਕਣ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਜਿਸ ਨੇ ਸੂਬੇ ਵਿੱਚ ਨਸ਼ੇ ਲਿਆ ਕੇ ਨੌਜਵਾਨਾਂ ਨੂੰ ਬਰਬਾਦ ਕੀਤਾ ਸੀ, ਸੂਬੇ ਨੂੰ ਡਾਇਨਾਸੌਰ ਯੁੱਗ ਵਿੱਚ ਵਾਪਸ ਲੈ ਜਾਣਾ ਚਾਹੁੰਦਾ ਹੈ। ਵਿਅੰਗ ਭਰੇ ਲਹਿਜ਼ੇ ਵਿੱਚ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀਆਂ ਦਾ 'ਡਾਇਨਾਸੌਰ' ਅਸਲ ਵਿੱਚ ਹਵਾ ਨਾਲ ਭਰਿਆ ਇੱਕ ਪਲਾਸਟਿਕ ਦਾ ਖਿਡੌਣਾ ਹੈ, ਜਿਸ ਨੂੰ ਲੋਕ ਜਲਦੀ ਉਡਾ ਦੇਣਗੇ।


ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹਾਲ ਹੀ ਵਿੱਚ ਹੋਈਆਂ ਮੈਗਾ ਅਧਿਆਪਕ-ਮਾਪੇ ਮਿਲਣੀਆਂ ਵਿੱਚ 23.3 ਲੱਖ ਮਾਪਿਆਂ ਦੀ ਸ਼ਮੂਲੀਅਤ ਬਹੁਤ ਵਧੀਆ ਸੰਕੇਤ ਹੈ, ਜੋ ਪੰਜਾਬ ਦੇ ਉੱਜਵਲ ਭਵਿੱਖ ਨੂੰ ਦਰਸਾਉਂਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਇੱਕ ਮਿਸਾਲੀ ਤਬਦੀਲੀ ਹੈ ਕਿਉਂਕਿ ਅਜਿਹੀਆਂ ਮਿਲਣੀਆਂ ਪਹਿਲਾਂ ਪ੍ਰਾਈਵੇਟ ਸਕੂਲਾਂ ਵਿੱਚ ਹੁੰਦੀਆਂ ਸਨ ਪਰ ਸਰਕਾਰੀ ਸਕੂਲਾਂ ਵਿੱਚ ਇਹ ਚੀਜ਼ ਗਾਇਬ ਸੀ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਭਲਾਈ ਲਈ ਇੱਥੇ ਅਪਣਾਈ ਜਾ ਰਹੀ ਸਭ ਤੋਂ ਵਧੀਆ ਕਵਾਇਦ ਵਿੱਚੋਂ ਇੱਕ ਹੈ।


ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਦੇ ਵਿਰੋਧ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ਨਿਊਜ਼ੀਲੈਂਡ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਊਜ਼ੀਲੈਂਡ ਇੱਕ ਪੜ੍ਹਿਆ-ਲਿਖਿਆ ਦੇਸ਼ ਹੈ ਪਰ ਪਰਵਾਸ ਦਾ ਮੁੱਦਾ ਵਿਸ਼ਵਵਿਆਪੀ ਚਿੰਤਾ ਬਣ ਗਿਆ ਹੈ। ਭਗਵੰਤ ਸਿੰਘ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ।


ਇਸ ਦੌਰਾਨ ਮੁੱਖ ਮੰਤਰੀ ਨੇ ਧੂਰੀ ਵਿਧਾਨ ਸਭਾ ਹਲਕੇ ਦੀਆਂ ਪੰਚਾਇਤਾਂ ਨਾਲ ਮੀਟਿੰਗ ਕੀਤੀ ਅਤੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਚੁਣੇ ਹੋਏ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿੰਡਾਂ ਅਤੇ ਲੋਕਾਂ ਦੇ ਮਸਲਿਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਐਕਟ (ਮਨਰੇਗਾ) ਦੀ ਪੂਰੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋੜਵੰਦਾਂ ਨੂੰ ਰੋਜ਼ਗਾਰ ਮਿਲ ਸਕੇ ਅਤੇ ਵਿਕਾਸ ਕਾਰਜ ਕੁਸ਼ਲਤਾ ਨਾਲ ਪੂਰੇ ਹੋ ਸਕਣ।


ਮੁੱਖ ਮੰਤਰੀ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਅਤੇ ਕੋਈ ਸ਼ਿਕਾਇਤ ਨਾ ਹੋਵੇ। ਉਨ੍ਹਾਂ ਸਰਪੰਚਾਂ, ਪੰਚਾਇਤਾਂ ਅਤੇ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹਰ ਪਿੰਡ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਮੁਹੱਈਆ ਕਰਨਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਕਮਿਊਨਿਟੀ ਸੈਂਟਰਾਂ ਨੂੰ ਪੂਰਾ ਕਰਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਕਾਰਜਾਂ ਲਈ ਅਧਿਕਾਰੀਆਂ ਵਿੱਚ ਪੂਰਾ ਤਾਲਮੇਲ ਹੋਣਾ ਚਾਹੀਦਾ ਹੈ ਅਤੇ ਭਰੋਸਾ ਦਿੱਤਾ ਕਿ ਪੰਚਾਇਤਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਹਰ ਪਿੰਡ ਨੂੰ ਇੱਕ ਮਿੰਨੀ-ਬੱਸ ਸੇਵਾ ਰਾਹੀਂ ਜੋੜਿਆ ਜਾਵੇਗਾ ਅਤੇ ਨੌਜਵਾਨਾਂ ਨੂੰ ਬੱਸ ਪਰਮਿਟ ਜਾਰੀ ਕੀਤੇ ਜਾਣਗੇ।


ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸਮਿਤੀਆਂ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਜਨਵਰੀ ਦੇ ਪਹਿਲੇ ਹਫ਼ਤੇ ਹੋਵੇਗਾ, ਜਿਸ ਤੋਂ ਬਾਅਦ ਮਗਸੀਪਾ (ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ) ਵਿਖੇ ਉਨ੍ਹਾਂ ਦੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਬਾਰੇ ਸਿਖਲਾਈ ਸੈਸ਼ਨ ਹੋਣਗੇ। ਭਗਵੰਤ ਸਿੰਘ ਮਾਨ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਵਿਕਾਸ ਕਾਰਜ ਤੇਜ਼ੀ ਨਾਲ ਅੱਗੇ ਵਧ ਰਹੇ ਹਨ, ਜੋ ਸਕਾਰਾਤਮਕ ਸੰਕੇਤ ਹੈ ਕਿਉਂਕਿ ਪਹਿਲੀ ਵਾਰ ਹਰ ਪਿੰਡ ਵਿੱਚ ਵਿਕਾਸ ਕਾਰਜ ਸਰਗਰਮੀ ਨਾਲ ਚੱਲ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.