ਤਾਜਾ ਖਬਰਾਂ
ਯੂਕੇ ਦੇ ਡਰਬੀ ਸ਼ਹਿਰ ਵਿੱਚ 2023 ਦੌਰਾਨ ਹੋਏ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਭੜਕੀ ਭਿਆਨਕ ਹਿੰਸਾ ਦੇ ਮਾਮਲੇ ਵਿੱਚ ਤਿੰਨ ਭਾਰਤੀ ਮੂਲ ਦੇ ਪੰਜਾਬੀ ਵਿਅਕਤੀਆਂ ਨੂੰ ਅਦਾਲਤ ਵੱਲੋਂ ਸਖ਼ਤ ਸਜ਼ਾਵਾਂ ਸੁਣਾਈਆਂ ਗਈਆਂ ਹਨ। ਡਰਬੀ ਕਰਾਊਨ ਕੋਰਟ ਨੇ 19 ਦਸੰਬਰ ਨੂੰ ਬੂਟਾ ਸਿੰਘ, ਦਮਨਜੀਤ ਸਿੰਘ ਅਤੇ ਰਾਜਵਿੰਦਰ ਤੱਖਰ ਸਿੰਘ ਨੂੰ ਹਿੰਸਕ ਅਰਾਜਕਤਾ ਅਤੇ ਘਾਤਕ ਹਥਿਆਰਾਂ ਨਾਲ ਜੁੜੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ ਕੁੱਲ 11 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ।
ਪੁਲਿਸ ਮੁਤਾਬਕ, 20 ਅਗਸਤ 2023 ਦੀ ਸ਼ਾਮ ਨੂੰ ਡਰਬੀ ਵਿੱਚ ਹੋ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਦੋ ਵਿਰੋਧੀ ਗਰੁੱਪਾਂ ਵਿਚਕਾਰ ਪਹਿਲਾਂ ਤੋਂ ਤਿਆਰ ਕੀਤੀ ਗਈ ਝੜਪ ਹੋਈ। ਘਟਨਾ ਤੋਂ ਬਾਅਦ ਮਿਲੀ ਸੀਸੀਟੀਵੀ ਅਤੇ ਵੀਡੀਓ ਫੁਟੇਜ ਵਿੱਚ ਬੂਟਾ ਸਿੰਘ ਨੂੰ ਵਿਰੋਧੀ ਧਿਰ ਦੇ ਲੋਕਾਂ ਦਾ ਪਿੱਛਾ ਕਰਦੇ ਹੋਏ ਦੇਖਿਆ ਗਿਆ। ਦੋ ਦਿਨ ਬਾਅਦ ਪੁਲਿਸ ਨੇ ਉਸ ਦੀ ਕਾਰ ਨੂੰ ਰੋਕ ਕੇ ਜਾਂਚ ਕੀਤੀ, ਜਿਸ ਦੌਰਾਨ ਟਰੰਕ ਵਿੱਚੋਂ ਦੋ ਤੇਜ਼ਧਾਰ ਹਥਿਆਰ ਬਰਾਮਦ ਹੋਏ।
ਜਾਂਚ ਦੌਰਾਨ ਸਾਹਮਣੇ ਆਈ ਫੁਟੇਜ ਵਿੱਚ ਦਮਨਜੀਤ ਸਿੰਘ ਅਤੇ ਰਾਜਵਿੰਦਰ ਤੱਖਰ ਸਿੰਘ ਨੂੰ ਵੀ ਦੰਗੇ ਸਮੇਂ ਵੱਡੇ ਚਾਕੂ ਲੈ ਕੇ ਘੁੰਮਦੇ ਹੋਏ ਵੇਖਿਆ ਗਿਆ। ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਹਿੰਸਕ ਅਰਾਜਕਤਾ ਦੇ ਗੰਭੀਰ ਦੋਸ਼ਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਨਵੰਬਰ ਵਿੱਚ ਮੁਕੱਦਮੇ ਤੋਂ ਬਾਅਦ ਅਦਾਲਤ ਨੇ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ।
ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਬੂਟਾ ਸਿੰਘ ਨੂੰ 4 ਸਾਲ, ਦਮਨਜੀਤ ਸਿੰਘ ਨੂੰ 3 ਸਾਲ 4 ਮਹੀਨੇ ਅਤੇ ਰਾਜਵਿੰਦਰ ਤੱਖਰ ਸਿੰਘ ਨੂੰ 3 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਦਿੱਤੀ। ਇਸ ਮਾਮਲੇ ’ਤੇ ਡਿਟੈਕਟਿਵ ਚੀਫ ਇੰਸਪੈਕਟਰ ਮੈਟ ਕਰੂਮ ਨੇ ਕਿਹਾ ਕਿ ਖੇਡ ਅਤੇ ਮਨੋਰੰਜਨ ਲਈ ਹੋਣਾ ਚਾਹੀਦਾ ਦਿਨ ਹਿੰਸਾ, ਡਰ ਅਤੇ ਸੱਟਾਂ ਵਿੱਚ ਤਬਦੀਲ ਹੋ ਗਿਆ, ਜਿਸਦਾ ਸਥਾਨਕ ਵਸਨੀਕਾਂ ਅਤੇ ਦਰਸ਼ਕਾਂ ’ਤੇ ਗਹਿਰਾ ਅਸਰ ਪਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਲੜਾਈ ਪੂਰੀ ਤਰ੍ਹਾਂ ਯੋਜਨਾਬੱਧ ਸੀ ਅਤੇ ਦੋਸ਼ੀ ਪਹਿਲਾਂ ਤੋਂ ਹੀ ਡਰਬੀ ਦੀ ਬਰੰਸਵਿਕ ਸਟਰੀਟ ’ਤੇ ਇਕੱਠੇ ਹੋਏ ਹੋਏ ਸਨ।
Get all latest content delivered to your email a few times a month.