ਤਾਜਾ ਖਬਰਾਂ
ਸਾਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰਕ ਵਿਛੋੜੇ ਦੀ ਯਾਦ ਵਿੱਚ ਸਜਾਇਆ ਗਿਆ ਨਗਰ ਕੀਰਤਨ ਅੱਜ ਵੀ ਸੰਗਤਾਂ ਦੇ ਦਿਲਾਂ ਨੂੰ ਭਾਵੁਕ ਕਰ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਛੇ ਪੋਹ 1704 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਤੋਂ ਅਨੰਦਗੜ੍ਹ ਸਾਹਿਬ ਦਾ ਕਿਲਾ ਛੱਡ ਕੇ ਜਦੋਂ ਸਰਸਾ ਨਦੀ ਦੇ ਕੰਢੇ ਪਹੁੰਚੇ ਤਾਂ ਨਦੀ ਉਫਾਨ ‘ਤੇ ਸੀ। ਇਸ ਦੌਰਾਨ ਪਹਾੜੀ ਰਾਜਿਆਂ ਨੇ ਆਪਣੇ ਵਾਅਦੇ ਤੋੜਦਿਆਂ ਗੁਰੂ ਸਾਹਿਬ ਦੇ ਕਾਫਲੇ ‘ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਦਾ ਸਿੰਘਾਂ ਨੇ ਬਹਾਦੁਰੀ ਨਾਲ ਮੁਕਾਬਲਾ ਕੀਤਾ।
ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡ ਗਿਆ। ਇੱਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨਾਲ ਸ੍ਰੀ ਚਮਕੌਰ ਸਾਹਿਬ ਵੱਲ ਰਵਾਨਾ ਹੋਏ। ਦੂਜੇ ਪਾਸੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਸਰਸਾ ਪਾਰ ਕਰਕੇ ਕੁੰਮਾ ਮਾਸ਼ਕੀ ਦੇ ਛੰਨ ‘ਤੇ ਪਹੁੰਚੇ, ਜਦਕਿ ਤੀਜੇ ਹਿੱਸੇ ਵਿੱਚ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਰੋਪੜ ਵੱਲ ਕੂਚ ਕਰ ਗਏ।
ਭਾਵੇਂ ਇਸ ਮਹਾਨ ਇਤਿਹਾਸਕ ਘਟਨਾ ਨੂੰ ਅੱਜ 321 ਸਾਲ ਬੀਤ ਚੁੱਕੇ ਹਨ, ਪਰ ਸੰਗਤਾਂ ਦੀ ਸ਼ਰਧਾ ਅੱਜ ਵੀ ਓਹਨੀ ਹੀ ਅਟੱਲ ਹੈ। ਹਰ ਸਾਲ ਪੋਹ ਮਹੀਨੇ ਦੌਰਾਨ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਸਰਸਾ ਨਦੀ ਤੱਕ ਪਹੁੰਚਦੀਆਂ ਹਨ। ਨੰਗੇ ਪੈਰ ਨਦੀ ਪਾਰ ਕਰਦਿਆਂ, ਗੁਰਬਾਣੀ ਕੀਰਤਨ ਕਰਦੀਆਂ ਸੰਗਤਾਂ ਆਪਣੇ ਗੁਰੂ, ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਨੂੰ ਨਮਨ ਕਰਦੀਆਂ ਹਨ, ਜਿਸ ਨਾਲ ਪੂਰਾ ਮਾਹੌਲ ਆਤਮਕ ਅਤੇ ਭਾਵੁਕ ਹੋ ਜਾਂਦਾ ਹੈ।
Get all latest content delivered to your email a few times a month.