ਤਾਜਾ ਖਬਰਾਂ
ਮੋਗਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਭਾਰਤੀ ਕਰੰਸੀ ਦੇ ਜਾਅਲੀ ਨੋਟਾਂ ਦੀ ਸਪਲਾਈ ਕਰਨ ਵਾਲੇ ਇੱਕ ਸ਼ਾਤਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ ਮੋਗਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਛਾਪੇਮਾਰੀ ਦੌਰਾਨ ਮੁਲਜ਼ਮ ਕੋਲੋਂ 500-500 ਰੁਪਏ ਦੇ 104 ਜਾਅਲੀ ਨੋਟ ਅਤੇ ਇੱਕ ਬਲੈਰੋ ਕੈਂਪਰ ਗੱਡੀ ਬਰਾਮਦ ਕੀਤੀ ਹੈ।
ਨਾਕੇਬੰਦੀ ਦੌਰਾਨ ਦਿੱਲੀ ਕਲੋਨੀ ਗੇਟ ਨੇੜਿਓਂ ਹੋਈ ਗ੍ਰਿਫ਼ਤਾਰੀ ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ. ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਸ਼ੱਕੀ ਪੁਰਸ਼ਾਂ ਦੀ ਭਾਲ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ਉਰਫ਼ ਸੋਨੂੰ (ਵਾਸੀ ਰਾਜਾਂਵਾਲਾ, ਕੋਟ ਈਸੇ ਖਾਂ) ਆਪਣੀ ਚਿੱਟੇ ਰੰਗ ਦੀ ਬਲੈਰੋ ਕੈਂਪਰ ਗੱਡੀ (ਨੰਬਰੀ PB10-FV-7950) ਵਿੱਚ ਜਾਅਲੀ ਕਰੰਸੀ ਲੈ ਕੇ ਘੁੰਮ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦਿੱਲੀ ਕਲੋਨੀ ਮੋਗਾ ਦੇ ਗੇਟ ਨੇੜੇ ਰੇਡ ਕਰਕੇ ਮੁਲਜ਼ਮ ਨੂੰ ਦਬੋਚ ਲਿਆ।
ਰਾਤ ਦੇ ਹਨੇਰੇ ਵਿੱਚ ਚਲਾਉਂਦਾ ਸੀ 'ਖ਼ੋਟੇ ਸਿੱਕੇ' ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਕਸਰ ਰਾਤ ਦੇ ਸਮੇਂ ਭੋਲੇ-ਭਾਲੇ ਦੁਕਾਨਦਾਰਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਉਹ ਅਸਲੀ ਨੋਟਾਂ ਦੇ ਵਿਚਕਾਰ ਜਾਅਲੀ ਨੋਟ ਮਿਲਾ ਕੇ ਬਾਜ਼ਾਰ ਵਿੱਚ ਖਪਾ ਦਿੰਦਾ ਸੀ। ਪੁਲਿਸ ਨੇ ਉਸ ਕੋਲੋਂ ਕੁੱਲ 52,000 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਬੀ.ਐਨ.ਐਸ. (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਅਪਰਾਧਿਕ ਪਿਛੋਕੜ ਅਤੇ ਅਗਲੇਰੀ ਜਾਂਚ ਗ੍ਰਿਫ਼ਤਾਰ ਮੁਲਜ਼ਮ ਗੁਰਦੀਪ ਸੋਨੂੰ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ ਹੈ। ਉਸ ਵਿਰੁੱਧ ਪਹਿਲਾਂ ਵੀ ਫ਼ਤਿਹਗੜ੍ਹ ਪੰਜਤੂਰ ਅਤੇ ਲੁਧਿਆਣਾ ਦੇ ਲਾਡੋਵਾਲ ਥਾਣੇ ਵਿੱਚ ਚੋਰੀ ਅਤੇ ਲੁੱਟ-ਖੋਹ ਦੇ ਮਾਮਲੇ ਦਰਜ ਹਨ। ਪੁਲਿਸ ਅੱਜ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਜਾਅਲੀ ਨੋਟ ਕਿੱਥੇ ਛਾਪੇ ਜਾ ਰਹੇ ਸਨ ਅਤੇ ਇਸ ਗਿਰੋਹ ਦੇ ਤਾਰ ਹੋਰ ਕਿੱਥੇ-ਕਿੱਥੇ ਜੁੜੇ ਹੋਏ ਹਨ।
Get all latest content delivered to your email a few times a month.