ਤਾਜਾ ਖਬਰਾਂ
ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਪਣੇ ਹੀ ਪਿੰਡ ਤੋਂ ਨਕਾਰ ਦਿੱਤਾ ਗਿਆ, ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸੇ ਪਿੰਡ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਸੀ। ਇਸ ਅਚਾਨਕ ਬਦਲੇ ਰੁਖ ਦੇ ਪਿੱਛੇ ਕੀ ਕਾਰਨ ਰਹੇ, ਇਹ ਜਾਣਨ ਲਈ ਪੀਟੀਸੀ ਨਿਊਜ਼ ਦੀ ਟੀਮ ਨੇ ਪਿੰਡ ਭਰਾਜ ਦੇ ਵਸਨੀਕਾਂ ਨਾਲ ਖ਼ਾਸ ਗੱਲਬਾਤ ਕੀਤੀ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਵਿਧਾਇਕਾ ਬਣਨ ਤੋਂ ਬਾਅਦ ਨਰਿੰਦਰ ਕੌਰ ਭਰਾਜ ਨੇ ਪਿੰਡ ਨਾਲ ਸੰਪਰਕ ਤੋੜ ਲਿਆ। ਲੋਕਾਂ ਦਾ ਕਹਿਣਾ ਹੈ ਕਿ ਜਿੱਤ ਤੋਂ ਬਾਅਦ ਉਹ ਕਦੇ ਕਦਾਈ ਹੀ ਪਿੰਡ ਆਈ ਅਤੇ ਜਦੋਂ ਵੀ ਆਈ, ਤਾਂ ਆਮ ਲੋਕਾਂ ਨਾਲ ਮਿਲਣ ਦੀ ਬਜਾਏ ਸੁਰੱਖਿਆ ਅਤੇ ਗੱਡੀਆਂ ਦੇ ਕਾਫ਼ਲੇ ਨਾਲ ਆਈ। ਪਿੰਡ ਵਾਸੀਆਂ ਨੇ ਯਾਦ ਕਰਵਾਇਆ ਕਿ ਚੋਣਾਂ ਤੋਂ ਪਹਿਲਾਂ ਉਹ ਸਕੂਟਰੀ ‘ਤੇ ਸਧਾਰਣ ਤਰੀਕੇ ਨਾਲ ਲੋਕਾਂ ਨਾਲ ਮਿਲਦੀ-ਜੁਲਦੀ ਸੀ, ਪਰ ਜਿੱਤ ਮਗਰੋਂ ਇਹ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ।
ਵਿਕਾਸ ਦੇ ਮਾਮਲੇ ‘ਚ ਵੀ ਪਿੰਡ ਵਾਸੀਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕੋਈ ਵੱਡਾ ਵਿਕਾਸ ਕਾਰਜ ਨਹੀਂ ਹੋਇਆ। ਜਿਹੜੇ ਕੰਮ ਕਰਵਾਏ ਗਏ, ਉਹ ਵੀ ਲੋਕਾਂ ਦੀ ਸਲਾਹ ਦੇ ਬਗੈਰ ਅਤੇ ਉਨ੍ਹਾਂ ਦੀ ਮਰਜ਼ੀ ਦੇ ਉਲਟ ਸਨ। ਕਈ ਕਲੋਨੀਆਂ ਵਿੱਚ ਪਾਣੀ ਅਤੇ ਬਿਜਲੀ ਦੀ ਸਪਲਾਈ ਰੁਕਵਾਉਣ ਦੇ ਦੋਸ਼ ਵੀ ਲਗਾਏ ਗਏ।
ਇਸ ਤੋਂ ਇਲਾਵਾ ਸਕੂਲ ਦੇ ਕੋਲ ਬਣੇ ਸਟੇਡੀਅਮ ਵਿੱਚ ਧੱਕੇ ਨਾਲ ਭਾਰੀ ਪੁਲਿਸ ਫੋਰਸ ਲਿਆ ਕੇ ਗੰਦੇ ਪਾਣੀ ਦਾ ਟੋਭਾ ਬਣਾਉਣ ਨੂੰ ਲੈ ਕੇ ਵੀ ਲੋਕਾਂ ਵਿੱਚ ਗੁੱਸਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਟੋਭੇ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਪਿੰਡ ਦਾ ਪਾਣੀ ਪਹਿਲਾਂ ਹੀ ਨਾਲਿਆਂ ਰਾਹੀਂ ਨਿਕਾਸੀ ਹੋ ਰਿਹਾ ਸੀ। ਦੱਸਿਆ ਗਿਆ ਕਿ ਇਸ ਟੋਭੇ ਦਾ ਫ਼ਾਇਦਾ ਸਿਰਫ਼ ਅੱਠ–ਦਸ ਘਰਾਂ ਤੱਕ ਹੀ ਸੀ।
ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਹਾਦਸਿਆਂ ਦਾ ਸ਼ਿਕਾਰ ਪਰਿਵਾਰਾਂ ਅਤੇ ਬਹੁਤ ਗਰੀਬ ਲੋਕਾਂ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲੀ। ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਹੀ ਪਿੰਡ ਵਾਸੀਆਂ ਨੇ ਇਸ ਵਾਰ ਚੋਣਾਂ ਵਿੱਚ ਆਪਣੀ ਨਾਰਾਜ਼ਗੀ ਵੋਟ ਰਾਹੀਂ ਜ਼ਾਹਰ ਕਰ ਦਿੱਤੀ, ਜਿਸਦਾ ਨਤੀਜਾ ਵਿਧਾਇਕਾ ਲਈ ਹਾਰ ਦੇ ਰੂਪ ਵਿੱਚ ਸਾਹਮਣੇ ਆਇਆ।
Get all latest content delivered to your email a few times a month.