ਤਾਜਾ ਖਬਰਾਂ
ਬੰਗਲਾਦੇਸ਼ ਵਿੱਚ ਜਾਰੀ ਹਿੰਸਕ ਦੌਰ ਦਰਮਿਆਨ ਇੱਕ ਹੋਰ ਪੱਤਰਕਾਰ ਦੇ ਕਤਲ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਡੁਮੂਰੀਆ ਦੇ ਸ਼ਾਲੂਆ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਨਿਊਜ਼ ਪੋਰਟਲ 'ਬੋਰਟੋਮਨ ਸੋਮੋਏ' ਦੇ ਸੰਚਾਲਕ, ਇਮਦਾਦੁਲ ਹੱਕ ਮਿਲਾਨ (45) ਦੀ ਵੀਰਵਾਰ ਰਾਤ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਖੂਨੀ ਹਮਲੇ ਵਿੱਚ ਦੇਬਾਸ਼ੀਸ਼ ਨਾਮਕ ਇੱਕ ਹੋਮਿਓਪੈਥੀ ਡਾਕਟਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ।
ਘਟਨਾ ਰਾਤ ਕਰੀਬ 9:30 ਵਜੇ ਸ਼ਾਲੂਆ ਬਾਜ਼ਾਰ ਇਲਾਕੇ ਵਿੱਚ ਵਾਪਰੀ। ਚਸ਼ਮਦੀਦਾਂ ਅਨੁਸਾਰ, ਮਿਲਾਨ ਜਨਤਾ ਬੈਂਕ ਦੇ ਨੇੜੇ ਇੱਕ ਚਾਹ ਦੀ ਦੁਕਾਨ 'ਤੇ ਬੈਠੇ ਸਨ, ਜਦੋਂ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਹਥਿਆਰਬੰਦ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਦੁਕਾਨ ਦੇ ਅੰਦਰ ਵੜ ਕੇ ਮਿਲਾਨ 'ਤੇ ਬਹੁਤ ਨੇੜਿਓਂ ਕਈ ਗੋਲੀਆਂ ਚਲਾਈਆਂ। ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਖੁਲਨਾ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੱਤਰਕਾਰਾਂ ਵਿੱਚ ਭਾਰੀ ਰੋਸ
ਇਸ ਕਤਲ ਕਾਂਡ ਤੋਂ ਬਾਅਦ ਸਥਾਨਕ ਪੱਤਰਕਾਰਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਪ੍ਰੈਸ ਸੰਗਠਨਾਂ ਨੇ ਇਸ ਨੂੰ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਵੇਦਨਸ਼ੀਲ ਮੁੱਦਿਆਂ 'ਤੇ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ।
ਪੁਲਿਸ ਕਾਰਵਾਈ
ਅਰੰਗਹਾਟਾ ਪੁਲਿਸ ਸਟੇਸ਼ਨ ਦੇ ਇੰਚਾਰਜ (ਓਸੀ) ਸ਼ਾਹਜਹਾਂ ਅਹਿਮਦ ਨੇ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ। ਉਨ੍ਹਾਂ ਕਿਹਾ, "ਅਸੀਂ ਹਮਲਾਵਰਾਂ ਦੀ ਪਛਾਣ ਕਰਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਜਾਂਚ ਜਾਰੀ ਹੈ। ਜਲਦ ਹੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।"
Get all latest content delivered to your email a few times a month.