ਤਾਜਾ ਖਬਰਾਂ
ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕੁੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਡੋਨੀ ਬਲ ਦੇ ਬਿਆਨਾਂ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕਤਲ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਡੋਨੀ ਬਲ ਨੇ ਇੱਕ ਯੂਟਿਊਬ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਰਾਣਾ ਬਲਾਚੌਰੀਆ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਲਈ ਕੰਮ ਕਰਦਾ ਸੀ ਅਤੇ ਉਨ੍ਹਾਂ ਦੇ ਹਿਤਾਂ ਨੂੰ ਮਜ਼ਬੂਤ ਕਰ ਰਿਹਾ ਸੀ।
ਡੋਨੀ ਬਲ ਮੁਤਾਬਕ, ਰਾਣਾ ਕਬੱਡੀ ਦੇ ਨਵੇਂ ਖਿਡਾਰੀਆਂ ‘ਤੇ ਦਬਾਅ ਬਣਾਉਂਦਾ ਸੀ ਅਤੇ ਵਿੱਤੀ ਤੌਰ ‘ਤੇ ਉਨ੍ਹਾਂ ਦੇ ਦੁਸ਼ਮਣਾਂ ਦੀ ਮਦਦ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਮਾਰਿਆ ਗਿਆ। ਉਸ ਨੇ ਇਹ ਵੀ ਕਿਹਾ ਕਿ ਉਸ ਵੱਲੋਂ ਰਾਣਾ ਨੂੰ ਪਹਿਲਾਂ ਸੁਨੇਹਾ ਭੇਜਿਆ ਗਿਆ ਸੀ ਕਿ ਖਿਡਾਰੀਆਂ ਨਾਲ ਜ਼ੁਲਮ ਨਾ ਕੀਤਾ ਜਾਵੇ, ਪਰ ਰਾਣਾ ਨੇ ਇਸਨੂੰ ਅਣਦੇਖਾ ਕਰ ਦਿੱਤਾ।
ਗੈਂਗਸਟਰ ਨੇ ਇਹ ਵੀ ਦਾਅਵਾ ਕੀਤਾ ਕਿ ਰਾਣਾ ਨੇ ਲਾਰੈਂਸ ਬਿਸ਼ਨੋਈ ਦੇ ਕਹਿਣ ‘ਤੇ ਇੱਕ ਕਲੱਬ ਮਾਲਕ ਨੂੰ ਫਿਰੌਤੀ ਲਈ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ, ਡੋਨੀ ਬਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਹੋਏ ਦਾਅਵੇ ਕਰਦਿਆਂ ਕਿਹਾ ਕਿ ਉਸ ਨੇ ਬਦਲੇ ਵਜੋਂ 35 ਲੋਕਾਂ ਦੀ ਸੂਚੀ ਤਿਆਰ ਕੀਤੀ ਹੈ, ਹਾਲਾਂਕਿ ਉਸ ਦਾ ਕਹਿਣਾ ਹੈ ਕਿ ਕਿਸੇ ਮਾਸੂਮ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।
ਉੱਥੇ ਹੀ, ਰਾਣਾ ਬਲਾਚੌਰੀਆ ਦੇ ਪਿਤਾ ਸੰਜੀਵ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਿਸੇ ਵੀ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਉਹ ਸਿਰਫ਼ ਇੱਕ ਕਬੱਡੀ ਖਿਡਾਰੀ ਤੇ ਪ੍ਰਮੋਟਰ ਸੀ। ਉਨ੍ਹਾਂ ਮੁਤਾਬਕ, ਪਰਿਵਾਰ ਨੂੰ ਕਦੇ ਵੀ ਕਿਸੇ ਧਮਕੀ ਬਾਰੇ ਜਾਣਕਾਰੀ ਨਹੀਂ ਮਿਲੀ।
ਦੂਜੇ ਪਾਸੇ, ਮੋਹਾਲੀ ਦੇ ਐਸਐਸਪੀ ਹਰਮਨਦੀਪ ਹੰਸ ਨੇ ਗੈਂਗਸਟਰ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਕਤਲ ਸਿਰਫ਼ ਕਬੱਡੀ ਵਿੱਚ ਦਬਦਬਾ ਬਣਾਉਣ ਲਈ ਕੀਤਾ ਗਿਆ ਸੀ। ਪੁਲਿਸ ਅਨੁਸਾਰ, ਸਿੱਧੂ ਮੂਸੇਵਾਲਾ ਦੇ ਕਤਲ ਨਾਲ ਇਸ ਮਾਮਲੇ ਨੂੰ ਜੋੜਨਾ ਸਿਰਫ਼ ਸਨਸਨੀ ਫੈਲਾਉਣ ਦੀ ਕੋਸ਼ਿਸ਼ ਹੈ ਅਤੇ ਜਾਂਚ ਦੌਰਾਨ ਅਜਿਹਾ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ।
ਪੁਲਿਸ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਤਸਦੀਕ ਕਾਨੂੰਨੀ ਤੌਰ ‘ਤੇ ਕੀਤੀ ਜਾਵੇਗੀ।
Get all latest content delivered to your email a few times a month.