ਤਾਜਾ ਖਬਰਾਂ
ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਉਸ ਵੇਲੇ ਹੰਗਾਮਾ ਮਚ ਗਿਆ ਜਦੋਂ ਪੇਸ਼ੀ ਲਈ ਆਏ ਦੋ ਵਿਰੋਧੀ ਗੁੱਟਾਂ ਵਿਚਕਾਰ ਤੀਖੀ ਤਕਰਾਰ ਹੋ ਗਈ। ਸ਼ੁਰੂ ਵਿੱਚ ਮੂੰਹ-ਜ਼ਬਾਨੀ ਬਹਿਸ ਹੋਈ ਜੋ ਕੁਝ ਹੀ ਸਮੇਂ ਵਿੱਚ ਹਿੰਸਕ ਲੜਾਈ ਵਿੱਚ ਤਬਦੀਲ ਹੋ ਗਈ। ਚਸ਼ਮਦੀਦਾਂ ਦੇ ਮੁਤਾਬਕ ਇੱਕ ਗੁੱਟ ਦੇ ਮੈਂਬਰਾਂ ਨੇ ਦੂਜੇ ਗੁੱਟ ਦੇ ਇੱਕ ਵਿਅਕਤੀ ‘ਤੇ ਅਦਾਲਤ ਕੰਪਲੈਕਸ ਦੇ ਅੰਦਰ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਤੋਂ ਬਚਣ ਲਈ ਜਦੋਂ ਜ਼ਖਮੀ ਵਿਅਕਤੀ ਅਦਾਲਤ ਤੋਂ ਬਾਹਰ ਵੱਲ ਭੱਜਿਆ ਤਾਂ ਹਮਲਾਵਰਾਂ ਨੇ ਤਲਵਾਰਾਂ ਲੈ ਕੇ ਉਸਦਾ ਪਿੱਛਾ ਕੀਤਾ। ਇਸ ਤੋਂ ਪਹਿਲਾਂ ਹਮਲਾਵਰਾਂ ਵੱਲੋਂ ਉਸਦੀ ਕਾਰ ਦੀ ਤੋੜ-ਫੋੜ ਕਰਕੇ ਟਾਇਰਾਂ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਨੁਕਸਾਨ ਪਹੁੰਚਾਇਆ ਗਿਆ। ਇਸ ਹਿੰਸਕ ਘਟਨਾ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਪਰ ਦੋਸ਼ੀ ਅਦਾਲਤ ਕੰਪਲੈਕਸ ਦੇ ਪਿੱਛਲੇ ਰਸਤੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਨੇੜਲੇ ਇਲਾਕਿਆਂ ਦੇ ਕਈ ਘਰਾਂ ਤੋਂ ਸੀਸੀਟੀਵੀ ਡੀਵੀਆਰ ਜ਼ਬਤ ਕਰਕੇ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੇਸ਼ੀ ਲਈ ਆਏ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸਦੀ ਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।
Get all latest content delivered to your email a few times a month.