ਤਾਜਾ ਖਬਰਾਂ
ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਇਲਾਕੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇੱਕ ਆਰੋਪੀ ਨਾਲ ਐਨਕਾਊਂਟਰ ਹੋਇਆ, ਜਿਸ ਵਿੱਚ ਆਰੋਪੀ ਨੂੰ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈ ਕੇ ਮੀਡੀਆ ਨਾਲ ਸਾਂਝੀ ਕੀਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਰੋਡ ’ਤੇ ਸਥਿਤ ਇੱਕ ਸਟੋਰ ਦੇ ਮਾਲਕ ਨੂੰ ਹਰਵਿੰਦਰ ਦੋਧੀ, ਵਾਸੀ ਪਿੰਡ ਮੁਰਾਦਪੁਰਾ ਵੱਲੋਂ ਲਗਾਤਾਰ ਫੋਨ ਅਤੇ ਮੈਸੇਜਾਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਕੋਲ ਪੀੜਤ ਵੱਲੋਂ ਪੂਰਾ ਸਹਿਯੋਗ ਨਾ ਮਿਲਣ ਦੇ ਬਾਵਜੂਦ ਵੀ ਕੇਸ ਦਰਜ ਕਰਕੇ ਤਕਨੀਕੀ ਅਤੇ ਮੈਦਾਨੀ ਜਾਂਚ ਕੀਤੀ ਗਈ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦੁਕਾਨ ਦੇ ਬਾਹਰ ਗੋਲੀ ਵੀ ਚਲਾਈ ਗਈ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਸਪੈਸ਼ਲ ਟੀਮਾਂ ਗਠਿਤ ਕਰਕੇ ਤਿੰਨ ਮੁਲਜ਼ਮਾਂ—ਨਿਰਮਲ ਜੋਤ (22), ਮਨਪ੍ਰੀਤ ਉਰਫ਼ ਮੰਗੂ (30) ਅਤੇ ਕਰਨਦੀਪ (19), ਤਿੰਨੇ ਵਾਸੀ ਪਿੰਡ ਮੁਰਾਦਪੁਰਾ—ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ ਵੈਪਨ ਰਿਕਵਰੀ ਸਮੇਂ ਨਿਰਮਲ ਜੋਤ ਨੇ ਪੁਲਿਸ ਕਰਮਚਾਰੀ ਤੋਂ ਹਥਿਆਰ ਖੋਹ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਚੇਤਾਵਨੀ ਦੇ ਬਾਵਜੂਦ ਨਾ ਰੁਕਣ ’ਤੇ ਐਸਆਈ ਵੱਲੋਂ ਸੈਲਫ ਡਿਫੈਂਸ ਵਿੱਚ ਗੋਲੀ ਚਲਾਈ ਗਈ, ਜਿਸ ਨਾਲ ਆਰੋਪੀ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਿਸ ਕਮਿਸ਼ਨਰ ਭੁੱਲਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗੈਂਗਸਟਰਾਂ ਦੇ ਝਾਂਸੇ ’ਚ ਆ ਕੇ ਆਪਣਾ ਭਵਿੱਖ ਤਬਾਹ ਨਾ ਕਰਨ। ਉਨ੍ਹਾਂ ਕਿਹਾ ਕਿ ਪੁਲਿਸ ਅਪਰਾਧ ਵਿਰੁੱਧ ਸਖ਼ਤ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖ਼ਸ਼ਿਆ ਜਾਵੇਗਾ। ਉਨ੍ਹਾਂ ਸਫਲ ਕਾਰਵਾਈ ਲਈ ਪੁਲਿਸ ਟੀਮ ਦੀ ਪ੍ਰਸ਼ੰਸਾ ਵੀ ਕੀਤੀ।
Get all latest content delivered to your email a few times a month.