ਤਾਜਾ ਖਬਰਾਂ
ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸੈਨ ਫਰਾਂਸਿਸਕੋ ਵਿੱਚ ਇੱਕ ਕੇਬਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਸੈਨ ਫਰਾਂਸਿਸਕੋ ਫਾਇਰ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਕੇਬਲ ਕਾਰ ਦੇ ਅਚਾਨਕ ਰੁਕਣ ਕਾਰਨ 15 ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਵਿੱਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ 11 ਹੋਰਾਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਬਿਨਾਂ ਕਾਰਨ ਅਚਾਨਕ ਲੱਗੀ ਬਰੇਕ
ਸੈਨ ਫਰਾਂਸਿਸਕੋ ਮਿਊਂਸੀਪਲ ਟ੍ਰਾਂਸਪੋਰਟੇਸ਼ਨ ਏਜੰਸੀ, ਜੋ ਇਨ੍ਹਾਂ ਕੇਬਲ ਕਾਰਾਂ ਦੇ ਸੰਚਾਲਨ ਲਈ ਜ਼ਿੰਮੇਵਾਰ ਹੈ, ਨੇ ਇਸ ਘਟਨਾ ਦੀ ਸਰਗਰਮ ਜਾਂਚ ਸ਼ੁਰੂ ਕਰ ਦਿੱਤੀ ਹੈ। ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਕੇਬਲ ਕਾਰ ਦੇ ਇਸ ਤਰ੍ਹਾਂ ਅਚਾਨਕ ਰੁਕਣ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ।
ਜ਼ਿਕਰਯੋਗ ਹੈ ਕਿ ਸੈਨ ਫਰਾਂਸਿਸਕੋ ਦੀਆਂ ਇਹ ਕੇਬਲ ਕਾਰਾਂ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਹਨ। ਇਨ੍ਹਾਂ ਇਤਿਹਾਸਕ ਕਾਰਾਂ ਦਾ ਜ਼ਿਕਰ ਕਈ ਮਸ਼ਹੂਰ ਗੀਤਾਂ ਅਤੇ ਫਿਲਮਾਂ ਵਿੱਚ ਵੀ ਮਿਲਦਾ ਹੈ।
ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ
ਇਨ੍ਹਾਂ ਕੇਬਲ ਕਾਰਾਂ ਵਿੱਚ ਯਾਤਰੀਆਂ ਲਈ ਸੀਟ ਬੈਲਟ ਦੀ ਸਹੂਲਤ ਨਹੀਂ ਹੁੰਦੀ ਅਤੇ ਇਹ ਅਕਸਰ ਖੁੱਲ੍ਹੀਆਂ ਹੁੰਦੀਆਂ ਹਨ, ਜਿਸ ਕਾਰਨ ਝਟਕਾ ਲੱਗਣ 'ਤੇ ਯਾਤਰੀਆਂ ਦੇ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ। ਸੈਨ ਫਰਾਂਸਿਸਕੋ ਵਿੱਚ ਕੇਬਲ ਕਾਰਾਂ ਦੀ ਸ਼ੁਰੂਆਤ 1870 ਦੇ ਦਹਾਕੇ ਵਿੱਚ ਹੋਈ ਸੀ ਅਤੇ 1960 ਵਿੱਚ ਇਨ੍ਹਾਂ ਨੂੰ ਕੌਮੀ ਇਤਿਹਾਸਕ ਸਥਾਨ ਐਲਾਨਿਆ ਗਿਆ ਸੀ।
ਏਜੰਸੀ ਨੇ ਭਰੋਸਾ ਦਿੱਤਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਘਟਨਾ ਦੀ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਪੁਖ਼ਤਾ ਕਦਮ ਚੁੱਕੇ ਜਾ ਸਕਣ।
Get all latest content delivered to your email a few times a month.