IMG-LOGO
ਹੋਮ ਪੰਜਾਬ: ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ’ਤੇ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ...

ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ’ਤੇ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਦਾ ਕੰਮ ਮੁੜ ਰੋਕਿਆ, ਵੱਡੇ ਅੰਦੋਲਨ ਦੀ ਚੇਤਾਵਨੀ

Admin User - Dec 15, 2025 08:04 PM
IMG

ਜ਼ਮੀਨਾਂ ਦਾ ਬਕਾਇਆ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਦਾ ਗੁੱਸਾ ਫਿਰ ਭੜਕ ਉੱਠਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਜੋਨ ਅਚਲ ਸਾਹਿਬ ਦੇ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਾਂ ਰੰਗੜ ਨੰਗਲ ਇਲਾਕੇ ਵਿੱਚ ਨੈਸ਼ਨਲ ਹਾਈਵੇ ਲਈ ਲਈ ਗਈ ਕਿਸਾਨਾਂ ਦੀ ਜ਼ਮੀਨ ਦਾ ਮੁਆਵਜ਼ਾ ਅਜੇ ਤੱਕ ਅਦਾ ਨਹੀਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਈ ਵਾਰ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਇੱਕ ਮਹੀਨੇ ਅੰਦਰ ਮਸਲਾ ਹੱਲ ਕਰਕੇ ਰਕਮ ਜਾਰੀ ਕਰ ਦਿੱਤੀ ਜਾਵੇਗੀ। ਇਸ ਭਰੋਸੇ ’ਤੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦਾ ਕਬਜ਼ਾ ਵੀ ਸੌਂਪ ਦਿੱਤਾ ਪਰ ਲਗਭਗ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਮੁਆਵਜ਼ਾ ਮਿਲਿਆ ਅਤੇ ਨਾ ਹੀ ਮਸਲੇ ਦਾ ਕੋਈ ਠੋਸ ਹੱਲ ਨਿਕਲਿਆ।

ਹਰਭਜਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੀਤੀਆਂ ਤਕਸੀਮਾਂ ਦੇ ਇੰਤਕਾਲ ਵੀ ਚੜ੍ਹ ਚੁੱਕੇ ਸਨ ਪਰ ਬਾਅਦ ਵਿੱਚ ਐਸਡੀਐਮ ਬਟਾਲਾ ਵੱਲੋਂ ਉਹ ਤਕਸੀਮਾਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਨਾਰਾਜ਼ ਹੋ ਕੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਦੇ ਚੱਲ ਰਹੇ ਕੰਮ ਨੂੰ ਮੁੜ ਰੋਕਣ ਦਾ ਫੈਸਲਾ ਲਿਆ।

ਅੱਜ ਸਵੇਰ ਤੋਂ ਹੀ ਪਿੰਡ ਅਮੋਨੰਗਲ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਲਗਾ ਕੇ ਹਾਈਵੇ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਨੈਸ਼ਨਲ ਹਾਈਵੇ ਅਥਾਰਟੀ ਦਾ ਕੋਈ ਨੁਮਾਇੰਦਾ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮੌਕੇ ’ਤੇ ਪਹੁੰਚਿਆ ਹੈ।

ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਗੱਲਬਾਤ ਸ਼ੁਰੂ ਨਾ ਹੋਈ ਤਾਂ ਕੱਲ੍ਹ ਤੋਂ ਮਹਿਤਾ ਤੋਂ ਲੈ ਕੇ ਬਟਾਲਾ ਤੱਕ ਸਾਰਾ ਨੈਸ਼ਨਲ ਹਾਈਵੇ ਦਾ ਕੰਮ ਰੋਕ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵੀ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੂਰੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਨੈਸ਼ਨਲ ਹਾਈਵੇ ਦਾ ਕੰਮ ਠੱਪ ਕਰ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਇਸ ਧਰਨੇ ਵਿੱਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਆਗੂ ਸ਼ਾਮਿਲ ਹੋਏ। ਧਰਨੇ ਵਿੱਚ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ, ਡਾ. ਹਰਦੀਪ ਸਿੰਘ ਮਹਿਤਾ, ਮੇਜਰ ਸਿੰਘ, ਬਲਦੇਵ ਸਿੰਘ ਸੇਖਵਾਂ, ਨਰਿੰਦਰ ਸਿੰਘ, ਬਲਜੀਤ ਸਿੰਘ (ਵੱਡਾ ਰੰਗੜ ਨੰਗਲ), ਰਾਮਜੀਤ ਸਿੰਘ, ਜਸਵਿੰਦਰ ਸਿੰਘ (ਨਵਾਂ ਰੰਗੜ ਨੰਗਲ), ਬਲਵਿੰਦਰ ਸਿੰਘ ਨਸੀਰਪੁਰ, ਈਸ਼ਵਰ ਸਿੰਘ, ਬਲਦੇਵ ਸਿੰਘ (ਪਿੰਡ ਯਾਦਪੁਰ), ਸ਼ਿਵ ਸਿੰਘ, ਸਤਨਾਮ ਸਿੰਘ (ਸਾਗਰਪੁਰ), ਬਲਜੀਤ ਸਿੰਘ, ਰਣਜੀਤ ਸਿੰਘ (ਚਾਹਲ ਕਲਾ), ਸਰਬਜੀਤ ਸਿੰਘ (ਜੈਤੋ), ਸਰਜਾ ਮੰਗਲ ਸਿੰਘ, ਹਰੀ ਸਿੰਘ (ਕੋਟ ਬਖਤਾ), ਰਵਿੰਦਰ ਪਾਲ ਸਿੰਘ (ਬਾਸਰਪੁਰ), ਹਰਜਿੰਦਰ ਸਿੰਘ (ਬੁਜਿਆਵਾਲੀ), ਜਸਦੇਵ ਸਿੰਘ, ਮਨਜੀਤ ਸਿੰਘ (ਚੌਧਰੀਵਾਲ) ਸਮੇਤ ਹੋਰ ਬਹੁਤ ਸਾਰੇ ਕਿਸਾਨ ਮਜ਼ਦੂਰ ਮੌਜੂਦ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.