ਤਾਜਾ ਖਬਰਾਂ
ਜਲੰਧਰ ਵਿੱਚ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਦੇ ਨਾਬਾਲਿਗ ਭਤੀਜੇ ਵਿਕਾਸ ਅੰਗੁਰਾਲ (17) ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਆਰੋਪੀ ਕਾਲੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਨੰਬਰ 5 ਦੀ ਪੁਲਿਸ ਨੇ ਆਰੋਪੀ ਨੂੰ ਬਸਤੀ ਇਲਾਕੇ ਤੋਂ ਕਾਬੂ ਕੀਤਾ। ਇਸ ਦਰਦਨਾਕ ਘਟਨਾ ਤੋਂ ਬਾਅਦ ਦੁਪਹਿਰ 12 ਵਜੇ ਤੋਂ ਬਾਅਦ ਵਿਕਾਸ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿਸ ਦੌਰਾਨ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਰਹੀ।
ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਦੇਰ ਰਾਤ ਜਲੰਧਰ ਦੇ ਸ਼ਿਵਾਜੀ ਨਗਰ ਇਲਾਕੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਆਰੋਪੀ ਕਾਲੂ ਨੇ ਵਿਕਾਸ ਉੱਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਆਰੋਪੀ ਨੇ ਵਿਕਾਸ ਦੇ ਛਾਤੀ ਵਿੱਚ ਤਿੰਨ ਵਾਰ ਚਾਕੂ ਮਾਰੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਮਲੇ ਤੋਂ ਬਾਅਦ ਵਿਕਾਸ ਜ਼ਖ਼ਮੀ ਹਾਲਤ ਵਿੱਚ ਗਲੀ ਵਿੱਚ ਦੌੜਿਆ ਅਤੇ ਇੱਕ ਔਰਤ ਤੋਂ ਪਾਣੀ ਮੰਗਿਆ, ਪਰ ਜਦੋਂ ਤੱਕ ਉਹ ਪਾਣੀ ਲੈ ਕੇ ਵਾਪਸ ਆਈ, ਵਿਕਾਸ ਬੇਹੋਸ਼ ਹੋ ਕੇ ਗਲੀ ਵਿੱਚ ਡਿੱਗ ਪਿਆ ਸੀ।
ਜ਼ਖ਼ਮੀ ਨੌਜਵਾਨ ਨੂੰ ਤੁਰੰਤ ਕਪੂਰਥਲਾ ਚੌਕ ਸਥਿਤ ਜੋਸ਼ੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ੁੱਕਰਵਾਰ ਰਾਤ ਲਗਭਗ 11:30 ਵਜੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਲਾਸ਼ ਘਰ ਪਹੁੰਚਣ ਉਪਰੰਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਵਿਕਾਸ ਦੀ ਮਾਂ ਦਾ ਦਰਦਨਾਕ ਵਿਲਾਪ ਹਰ ਕਿਸੇ ਦੀਆਂ ਅੱਖਾਂ ਨਮ ਕਰ ਗਿਆ। ਉਸਨੇ ਆਪਣੇ ਪੁੱਤਰ ਦੇ ਸਿਰ ‘ਤੇ ਸੇਹਰਾ ਬੰਨ੍ਹ ਕੇ ਮੱਥਾ ਚੁੰਮਿਆ ਅਤੇ ਇਨਸਾਫ਼ ਦੀ ਮੰਗ ਕਰਦਿਆਂ ਆਰੋਪੀ ਲਈ ਸਖ਼ਤ ਸਜ਼ਾ ਦੀ ਅਪੀਲ ਕੀਤੀ।
ਭਾਜਪਾ ਨੇਤਾ ਸ਼ੀਤਲ ਅੰਗੂਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਕਰੀਬ 10 ਵਜੇ ਫੋਨ ਆਇਆ ਸੀ ਕਿ ਵਿਕਾਸ ਉੱਤੇ ਹਮਲਾ ਹੋਇਆ ਹੈ। ਮੌਕੇ ‘ਤੇ ਪਹੁੰਚਣ ‘ਤੇ ਵਿਕਾਸ ਖੂਨ ਨਾਲ ਲੱਥਪੱਥ ਪਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.