ਤਾਜਾ ਖਬਰਾਂ
ਰਾਜ ਚੋਣ ਕਮਿਸ਼ਨ ਨੇ 14 ਦਸੰਬਰ 2025 ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਨੂੰ ਨਿਰਪੱਖ, ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਕਮਿਸ਼ਨ ਨੇ ਚੋਣਾਂ ਦੀ ਤਿਆਰੀ ਸੰਬੰਧੀ ਸਾਰੇ ਅਹਿਮ ਕੰਮ ਮੁਕੰਮਲ ਕਰ ਲਏ ਹਨ ਅਤੇ ਚੋਣ ਪ੍ਰਕਿਰਿਆ ਦੀ ਲਾਈਵ ਮਾਨੀਟਰਨਿੰਗ ਯਕੀਨੀ ਬਣਾਉਣ ਲਈ ਸੀਨੀਅਰ ਪ੍ਰਸ਼ਾਸਕੀ ਅਤੇ ਪੁਲਿਸ ਅਧਿਕਾਰੀਆਂ ਨੂੰ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਹਨ।
ਚੋਣ ਕਮਿਸ਼ਨ ਨੇ ਸੂਬੇ ਦੇ ਸਭ ਹੀ ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ "ਚੋਣ ਅਬਜ਼ਰਵਰ" ਵਜੋਂ ਨਿਯੁਕਤ ਕੀਤਾ ਹੈ। ਇਹ ਅਧਿਕਾਰੀ ਤੁਰੰਤ ਪ੍ਰਭਾਵ ਨਾਲ ਆਪਣੇ ਜ਼ਿਲ੍ਹਿਆਂ ਵਿੱਚ ਤੈਨਾਤ ਹੋ ਗਏ ਹਨ ਅਤੇ ਚੋਣ ਪ੍ਰਕਿਰਿਆ ਦੇ ਪੂਰੇ ਦੌਰਾਨ—ਵੋਟਿੰਗ ਤੋਂ ਲੈ ਕੇ ਗਿਣਤੀ ਅਤੇ ਅੰਤਿਮ ਨਤੀਜੇ ਤੱਕ—ਮੈਦਾਨੀ ਸਥਿਤੀ ਬਾਰੇ ਸਿੱਧੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜਦੇ ਰਹਿਣਗੇ। ਚੋਣ ਅਬਜ਼ਰਵਰਾਂ ਦੀ ਪੂਰੀ ਸੂਚੀ ਰਾਜ ਚੋਣ ਕਮਿਸ਼ਨ ਦੀ ਅਧਿਕਾਰਕ ਵੈਬਸਾਈਟ 'ਤੇ ਉਪਲੱਬਧ ਕਰਵਾ ਦਿੱਤੀ ਗਈ ਹੈ।
ਇਸ ਦੇ ਨਾਲ ਨਾਲ, ਜ਼ਮੀਨੀ ਪੱਧਰ 'ਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਕਮਿਸ਼ਨ ਨੇ 6 ਸੀਨੀਅਰ IPS ਅਫ਼ਸਰਾਂ ਨੂੰ "ਪੁਲਿਸ ਅਬਜ਼ਰਵਰ" ਵਜੋਂ ਤਾਇਨਾਤ ਕੀਤਾ ਹੈ। ਇਹ ਅਧਿਕਾਰੀ ਪਟਿਆਲਾ, ਸੰਗਰੂਰ, ਬਰਨਾਲਾ, ਤਰਨਤਾਰਨ, ਰੂਪਨਗਰ, ਜਲੰਧਰ, ਕਪੂਰਥਲਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਚੋਣੀ ਦੌਰਾਨ ਸੁਰੱਖਿਆ ਤਿਆਰੀਆਂ ਅਤੇ ਸਥਿਤੀ ਦੀ ਨਿਗਰਾਨੀ ਕਰਣਗੇ। ਇਹਨਾਂ ਅਧਿਕਾਰੀਆਂ ਦੇ ਵੇਰਵੇ ਸਬੰਧਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫਤਰਾਂ ਵਿੱਚ ਉਪਲੱਬਧ ਹਨ ਅਤੇ ਉਮੀਦਵਾਰ ਜ਼ਰੂਰਤ ਪੈਣ 'ਤੇ ਉਨ੍ਹਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹਨ।
ਕਮਿਸ਼ਨ ਨੇ ਆਮ ਜਨਤਾ ਅਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਚੋਣ ਦੌਰਾਨ ਕਿਸੇ ਵੀ ਸ਼ੱਕੀ ਜਾਂ ਗੈਰ-ਕਾਨੂੰਨੀ ਗਤੀਵਿਧੀ ਬਾਰੇ ਤੁਰੰਤ ਸੂਚਿਤ ਕਰਕੇ ਚੋਣਾਂ ਨੂੰ ਸਫ਼ਲ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਬਣਾਉਣ ਵਿੱਚ ਸਹਿਯੋਗ ਦੇਣ।
Get all latest content delivered to your email a few times a month.