ਤਾਜਾ ਖਬਰਾਂ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਜ ਚੌਹਾਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਸ਼ਰਧਾ ਭੇਟ ਕੀਤੀ ਅਤੇ ਅਧਿਆਤਮਕ ਸ਼ਾਂਤੀ ਪ੍ਰਾਪਤ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਅਤੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਸਪੀਕਰ ਰਾਜ ਚੌਹਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਤਿਕਾਰ ਭੇਟ ਕਰਨ ਲਈ ਪਹੁੰਚੇ
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਰਾਜ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਪਰ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੋਣ ਕਾਰਨ ਉਹ ਉਸ ਸਮੇਂ ਹਾਜ਼ਰ ਨਹੀਂ ਹੋ ਸਕੇ ਸਨ।
ਉਨ੍ਹਾਂ ਕਿਹਾ ਕਿ ਉਹ ਅੱਜ ਵਿਸ਼ੇਸ਼ ਤੌਰ 'ਤੇ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਨ ਲਈ ਪਹੁੰਚੇ ਹਨ। ਸ੍ਰੀ ਚੌਹਾਨ ਨੇ ਇਸ ਪਾਵਨ ਅਸਥਾਨ ਨੂੰ ਸਮੁੱਚੀ ਮਾਨਵਤਾ ਲਈ ਅਧਿਆਤਮਕ ਸ਼ਕਤੀ ਦਾ ਸੋਮਾ ਦੱਸਿਆ, ਜਿੱਥੋਂ ਲੋਕਾਂ ਨੂੰ ਆਪਸੀ ਭਾਈਚਾਰੇ ਦੀ ਪ੍ਰੇਰਣਾ ਮਿਲਦੀ ਹੈ।
ਉਨ੍ਹਾਂ ਸਨਮਾਨ ਅਤੇ ਸੱਦਾ ਪੱਤਰ ਭੇਜਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੀ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਸ੍ਰੀ ਰਾਜ ਚੌਹਾਨ ਦੇ ਪਰਿਵਾਰਕ ਮੈਂਬਰਾਂ ਵਿੱਚ ਭਰਾ ਸ੍ਰੀ ਸੁਰਿੰਦਰਜੀਤ, ਪਤਨੀ ਸ੍ਰੀਮਤੀ ਇੰਦਰ ਚੌਹਾਨ ਅਤੇ ਬੇਟੀ ਅੰਮ੍ਰਿਤਾ ਚੌਹਾਨ ਵੀ ਮੌਜੂਦ ਸਨ। ਐਸਜੀਪੀਸੀ ਵੱਲੋਂ ਮੈਨੇਜਰ ਸ. ਜਸਪਾਲ ਸਿੰਘ ਢੱਡੇ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Get all latest content delivered to your email a few times a month.