ਤਾਜਾ ਖਬਰਾਂ
ਗੋਆ ਦੇ ਇੱਕ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮੁੱਖ ਮੁਲਜ਼ਮ ਲੂਥਰਾ ਬ੍ਰਦਰਜ਼ ਨੂੰ ਥਾਈਲੈਂਡ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਹ ਦੋਵੇਂ ਭਰਾ ਅਗਨੀਕਾਂਡ ਤੋਂ ਬਾਅਦ ਭਾਰਤ ਛੱਡ ਕੇ ਥਾਈਲੈਂਡ ਭੱਜ ਗਏ ਸਨ। ਭਾਰਤ ਸਰਕਾਰ ਵੱਲੋਂ ਉਨ੍ਹਾਂ ਦਾ ਪਾਸਪੋਰਟ ਮੁਅੱਤਲ ਕੀਤੇ ਜਾਣ ਤੋਂ ਬਾਅਦ, ਥਾਈਲੈਂਡ ਪੁਲਿਸ ਨੇ ਪਾਸਪੋਰਟ ਰੱਦ ਹੋਣ ਦੀ ਪੁਸ਼ਟੀ ਹੋਣ 'ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਗੋਆ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ, ਅਤੇ ਦੋਵਾਂ ਨੂੰ ਜਲਦ ਹੀ ਗੋਆ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਲੂਥਰਾ ਭਰਾਵਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਦਾ ਪਾਸਪੋਰਟ ਰੱਦ ਕਰਨ ਦੀ ਗੱਲ ਕਹੀ ਸੀ।
6 ਦਸੰਬਰ ਨੂੰ ਵਾਪਰੀ ਸੀ ਦਰਦਨਾਕ ਘਟਨਾ
ਗੋਆ ਦੇ 'ਬਿੱਚ ਬਾਏ ਰੋਮੀਓ ਲੇਨ' ਨਾਈਟ ਕਲੱਬ ਵਿੱਚ 6 ਦਸੰਬਰ ਦੀ ਰਾਤ ਨੂੰ ਅਚਾਨਕ ਅੱਗ ਲੱਗ ਗਈ ਸੀ, ਜਿਸ ਕਾਰਨ 25 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਅਗਨੀਕਾਂਡ ਵਿੱਚ ਕਲੱਬ ਦੇ 4 ਮਾਲਕਾਂ ਵਿੱਚੋਂ ਇੱਕ, ਦਿੱਲੀ ਨਿਵਾਸੀ ਅਜੇ ਗੁਪਤਾ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ।
ਦਿੱਲੀ ਕ੍ਰਾਈਮ ਬ੍ਰਾਂਚ ਦਫ਼ਤਰ ਵਿੱਚ ਗੁਪਤਾ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਨੂੰ ਸਾਕੇਤ ਕੋਰਟ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਮੁਲਜ਼ਮ ਨੂੰ ਗੋਆ ਪੁਲਿਸ ਦੀ 36 ਘੰਟੇ ਦੀ ਟ੍ਰਾਂਜ਼ਿਟ ਰਿਮਾਂਡ 'ਤੇ ਸੌਂਪ ਦਿੱਤਾ ਹੈ। ਪੁੱਛਗਿੱਛ ਦੌਰਾਨ ਅਜੇ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਉਹ ਸਿਰਫ਼ ਇੱਕ ਕਾਰੋਬਾਰੀ ਭਾਈਵਾਲ ਹੈ ਅਤੇ ਉਸ ਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਪਤਾ।
ਫਰਾਰ ਹੋਏ ਸਨ 'ਲੂਥਰਾ ਬ੍ਰਦਰਜ਼'
ਕਲੱਬ ਦੇ ਦੋ ਮਾਲਕ ਅਤੇ ਰਿਸ਼ਤੇ ਵਿੱਚ ਸੱਕੇ ਭਰਾ, ਸੌਰਭ ਲੂਥਰਾ ਅਤੇ ਗੌਰਵ ਲੂਥਰਾ, ਕਲੱਬ ਵਿੱਚ ਅੱਗ ਲੱਗਣ ਤੋਂ ਕੁਝ ਹੀ ਦੇਰ ਬਾਅਦ ਦਿੱਲੀ ਤੋਂ ਥਾਈਲੈਂਡ ਫਰਾਰ ਹੋ ਗਏ ਸਨ। ਇੰਟਰਪੋਲ ਨੇ ਦੋਵਾਂ ਖਿਲਾਫ਼ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਸੀ ਅਤੇ ਭਾਰਤ ਸਰਕਾਰ ਨੇ ਉਨ੍ਹਾਂ ਦਾ ਪਾਸਪੋਰਟ ਰੱਦ ਕਰ ਦਿੱਤਾ ਸੀ।
ਇਸ ਦੌਰਾਨ, ਗੋਆ ਨਾਈਟ ਕਲੱਬ ਦੇ ਇੱਕ ਹੋਰ ਮਾਲਕ ਸੁਰਿੰਦਰ ਕੁਮਾਰ ਖੋਸਲਾ ਖਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਖੋਸਲਾ ਭਾਰਤੀ ਨਹੀਂ, ਬਲਕਿ ਇੱਕ ਬ੍ਰਿਟਿਸ਼ ਨਾਗਰਿਕ ਹੈ।
Get all latest content delivered to your email a few times a month.