ਤਾਜਾ ਖਬਰਾਂ
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਅੱਜ ਸਾਰੇ ਰਾਜ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕੀਤਾ ਗਿਆ। ਬਠਿੰਡਾ ਦੇ ਰਾਮਾ ਮੰਡੀ ’ਚ ਕਲਾ ਕਾਰ ਰਾਮਪਾਲ ਬਹਿਣੀਵਾਲ ਨੇ ਸਾਬਣ ਨਾਲ ਬਾਦਲ ਸਾਹਿਬ ਦਾ ਵਿਲੱਖਣ ਸਟੈਚੂ ਤਿਆਰ ਕਰਕੇ ਉਨ੍ਹਾਂ ਨੂੰ ਸਨਮਾਨ ਭੇਂਟ ਕੀਤਾ। ਰਾਮਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਪੰਜ ਦਿਨਾਂ ਦੀ ਮਹਿੰਨਤ ਨਾਲ ਇਹ ਕਲਾਕ੍ਰਿਤੀ ਤਿਆਰ ਕੀਤੀ ਹੈ ਅਤੇ ਉਹਨਾਂ ਲਈ ਇਹ ਬਾਦਲ ਸਾਹਿਬ ਪ੍ਰਤੀ ਪਿਆਰ ਤੇ ਸ਼ਰਧਾਂਜਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਨੀਲ ਕੁਮਾਰ ਗੋਲਡੀ ਨੇ ਵੀ ਮੌਕੇ ’ਤੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉਹ ਸ਼ਖ਼ਸੀਅਤ ਸਨ ਜੋ ਹਰ ਧਰਮ ਦੀ ਕਦਰ ਕਰਦੇ ਸਨ ਅਤੇ ਆਪਣੇ ਕਾਰਜਕਾਲ ਦੌਰਾਨ ਹਰ ਭਾਈਚਾਰੇ ਲਈ ਮਹੱਤਵਪੂਰਨ ਕੰਮ ਕੀਤੇ।
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿੱਚ ਬਾਦਲ ਸਾਹਿਬ ਦੇ 98ਵੇਂ ਜਨਮ ਦਿਨ ਨੂੰ "ਸਦਭਾਵਨਾ ਦਿਵਸ" ਵਜੋਂ ਮਨਾਇਆ ਗਿਆ। ਵਿਸ਼ੇਸ਼ ਸਮਾਗਮ ਦੌਰਾਨ ਪਿੰਡ ਬਾਦਲ ਵਿੱਚ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਸਮਾਗਮ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਬਾਰੇ ਗੱਲ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਹ ਬਾਦਲ ਸਾਹਿਬ ਦੇ ਪੁੱਤਰ ਹਨ।
ਸੁਖਬੀਰ ਬਾਦਲ ਨੇ ਦੱਸਿਆ ਕਿ ਬਾਦਲ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬ ਦੀ ਭਲਾਈ ਲਈ ਸਮਰਪਿਤ ਕਰ ਦਿੱਤੀ ਅਤੇ ਕਈ ਵਾਰ ਸੂਬੇ ਨੂੰ ਸੰਕਟਾਂ ਤੋਂ ਬਚਾਇਆ। ਉਹ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਦੇ ਪ੍ਰਤੀਕ ਸਨ। ਉਨ੍ਹਾਂ ਨੇ ਕਿਹਾ ਕਿ ਉਹ ਵੱਡੇ ਬਾਦਲ ਸਾਹਿਬ ਦੀ ਸੋਚ ਨੂੰ ਅੱਗੇ ਵਧਾਉਣ ਦਾ ਵਾਅਦਾ ਕਰਦੇ ਹਨ ਅਤੇ ਅੱਜ ਪੰਜਾਬ ਨੂੰ ਬਚਾਉਣ ਲਈ ਹਰੇਕ ਦੇ ਸਹਿਯੋਗ ਦੀ ਲੋੜ ਹੈ।
ਪੂਰੇ ਦਿਨ ਦੌਰਾਨ ਬਾਦਲ ਸਾਹਿਬ ਦੇ ਯੋਗਦਾਨ, ਉਨ੍ਹਾਂ ਦੀ ਸਾਦਗੀ ਅਤੇ ਪੰਜਾਬ ਲਈ ਕੀਤੇ ਉਪਕਾਰਾਂ ਨੂੰ ਯਾਦ ਕਰਦੇ ਹੋਏ ਸਮਰਪਣ ਦਾ ਮਾਹੌਲ ਰਿਹਾ।
Get all latest content delivered to your email a few times a month.