ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ 10 ਦਿਨਾਂ ਦੇ ਵਿਦੇਸ਼ੀ ਦੌਰੇ ਦੌਰਾਨ ਜਾਪਾਨ ਤੋਂ ਬਾਅਦ ਸਾਊਥ ਕੋਰੀਆ ਵਿੱਚ ਦਸਤਕ ਦਿੱਤੀ ਹੈ। 'ਮਿਸ਼ਨ ਇਨਵੈਸਟਮੈਂਟ' ਤਹਿਤ ਦੋ ਦਿਨਾਂ ਦੇ ਇਸ ਦੌਰੇ 'ਤੇ ਸਿਓਲ ਪਹੁੰਚਣ 'ਤੇ ਭਾਰਤ ਦੇ ਰਾਜਦੂਤ ਗੌ ਰੰਗਲਾਲ ਦਾਸ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰੇ ਦਾ ਮੁੱਖ ਮੰਤਵ ਪੰਜਾਬ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਾ ਅਤੇ ਦੋਵਾਂ ਖੇਤਰਾਂ ਵਿਚਕਾਰ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਸੀਐਮ ਮਾਨ ਇੱਥੇ ਕਈ ਉਦਯੋਗਿਕ ਅਤੇ ਵਪਾਰਕ ਮੀਟਿੰਗਾਂ ਵਿੱਚ ਹਿੱਸਾ ਲੈਣਗੇ।
ਮੁੱਖ ਮੰਤਰੀ ਮਾਨ ਦੇ ਨਾਲ ਮੰਤਰੀ ਸੰਜੀਵ ਅਰੋੜਾ, ਚੀਫ਼ ਸਕੱਤਰ ਕੇ.ਏ.ਪੀ. ਸਿਨਹਾ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ। ਪੰਜਾਬ ਸਰਕਾਰ ਦਾ ਟੀਚਾ ਅਗਲੇ ਸਾਲ ਹੋਣ ਵਾਲੇ 'ਪ੍ਰੋਗ੍ਰੈਸਿਵ ਪੰਜਾਬ ਬਿਜ਼ਨਸ ਸਮਿਟ' ਲਈ ਵਿਦੇਸ਼ੀ ਉਦਯੋਗਪਤੀਆਂ ਨੂੰ ਆਕਰਸ਼ਿਤ ਕਰਨਾ ਹੈ। ਜਾਪਾਨ ਵਿੱਚ ਵੀ ਕਈ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਲਈ ਉਤਸੁਕਤਾ ਦਿਖਾਈ ਹੈ।
ਸਿਓਲ 'ਚ ਮਿਲੀ ਪੰਜਾਬ ਦੀ 'ਨੂੰਹ ਰਾਣੀ'
ਸਾਊਥ ਕੋਰੀਆ ਦੇ ਇਸ ਦੌਰੇ ਦੌਰਾਨ ਮੁੱਖ ਮੰਤਰੀ ਮਾਨ ਦੀ ਮੁਲਾਕਾਤ ਇੱਕ ਅਜਿਹੀ ਔਰਤ ਨਾਲ ਹੋਈ ਜੋ ਸੋਸ਼ਲ ਮੀਡੀਆ 'ਤੇ 'ਕੋਰੀਅਨ ਪੰਜਾਬਣ' ਦੇ ਨਾਂ ਨਾਲ ਜਾਣੀ ਜਾਂਦੀ ਹੈ। ਮੁਲਾਕਾਤ ਦੌਰਾਨ ਔਰਤ ਨੇ ਆਪਣੀ ਪਛਾਣ ਕਰਾਉਂਦਿਆਂ ਕਿਹਾ, "ਮੈਂ ਪੰਜਾਬ ਦੀ ਨੂੰਹ ਰਾਣੀ ਸਿਮਰਨ ਕੌਰ ਹਾਂ।" ਉਨ੍ਹਾਂ ਦੇ ਪਤੀ, ਜੋ ਕਿ ਪੰਜਾਬੀ ਹਨ, ਨੇ ਦੱਸਿਆ ਕਿ ਉਨ੍ਹਾਂ ਨੂੰ ਵਿਆਹੇ ਨੂੰ 20 ਸਾਲ ਹੋ ਗਏ ਹਨ।
ਸ਼ੁੱਧ ਪੰਜਾਬੀ ਦਾ ਰਾਜ਼: ਸੀਐਮ ਮਾਨ ਨੇ ਉਨ੍ਹਾਂ ਦੀ ਚੰਗੀ ਪੰਜਾਬੀ ਸੁਣ ਕੇ ਹੈਰਾਨੀ ਪ੍ਰਗਟਾਈ। ਜਵਾਬ ਵਿੱਚ 'ਕੋਰੀਅਨ ਪੰਜਾਬਣ' ਨੇ ਦੱਸਿਆ, "ਮੇਰੇ ਸੱਸ-ਸਹੁਰੇ ਨੇ ਮੈਨੂੰ ਪੰਜਾਬੀ ਸਿਖਾਈ ਹੈ।" ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬੀ ਬੋਲੀ ਅਤੇ ਸੱਭਿਆਚਾਰ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ, ਜਿਸ ਵਿੱਚ 'ਸਹੁਰਾ' ਅਤੇ 'ਘਰਵਾਲਾ' ਵਰਗੇ ਸ਼ਬਦ ਵੀ ਸ਼ਾਮਲ ਹਨ। 'ਕੋਰੀਅਨ ਪੰਜਾਬਣ' ਨੇ ਦੱਸਿਆ ਕਿ ਉਹ ਪੰਜਾਬੀ ਵਿੱਚ ਵੀਡੀਓਜ਼ ਬਣਾ ਕੇ ਦੱਖਣੀ ਕੋਰੀਆ ਬਾਰੇ ਜਾਣਕਾਰੀ ਦਿੰਦੀ ਹੈ ਅਤੇ ਉਨ੍ਹਾਂ ਨੇ ਸੀਐਮ ਮਾਨ ਦੇ ਦੇਸ਼ ਆਉਣ 'ਤੇ ਖੁਸ਼ੀ ਪ੍ਰਗਟਾਈ।
ਮੁੱਖ ਮੰਤਰੀ ਦਾ ਇਹ ਦੌਰਾ ਪੰਜਾਬ ਦੇ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਅਤੇ ਕੌਮਾਂਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.