ਤਾਜਾ ਖਬਰਾਂ
2027 ਦੇ ਵਨਡੇ ਵਰਲਡ ਕੱਪ ਵਿੱਚ ਹਰ ਕੋਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਖੇਡਦੇ ਦੇਖਣਾ ਚਾਹੁੰਦਾ ਹੈ। ਪਿਛਲੀਆਂ ਦੋ ਵਨਡੇ ਸੀਰੀਜ਼ ਵਿੱਚ ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੇ ਕਮਾਲ ਕਰਦੇ ਹੋਏ ਖੂਬ ਦੌੜਾਂ ਬਣਾਈਆਂ ਹਨ। ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਵੀ ਇਨ੍ਹਾਂ ਦੋਵਾਂ ਦੀ ਥਾਂ ਨੂੰ ਲੈ ਕੇ ਸਪੱਸ਼ਟ ਜਵਾਬ ਨਹੀਂ ਦੇ ਰਹੇ ਸਨ ਅਤੇ ਕਹਿ ਰਹੇ ਸਨ ਕਿ ਵਰਲਡ ਕੱਪ ਵਿੱਚ ਅਜੇ ਦੋ ਸਾਲ ਬਾਕੀ ਹਨ। ਪਰ ਹੁਣ ਗੰਭੀਰ ਹੀ ਇਨ੍ਹਾਂ ਦੋਵਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਉਨ੍ਹਾਂ ਦੱਸਿਆ ਕਿ ਟੀਮ ਇੰਡੀਆ ਦੇ ਡਰੈਸਿੰਗ ਰੂਮ ਨੂੰ ਰੋਹਿਤ ਅਤੇ ਵਿਰਾਟ ਦੇ ਤਜਰਬੇ ਦੀ ਕਿੰਨੀ ਜ਼ਰੂਰਤ ਹੈ।
ਗੌਤਮ ਗੰਭੀਰ ਨੇ ਰੋਹਿਤ-ਵਿਰਾਟ ਬਾਰੇ ਕੀ ਕਿਹਾ?
ਦੱਖਣੀ ਅਫਰੀਕਾ ਦੇ ਖਿਲਾਫ ਵਨਡੇ ਸੀਰੀਜ਼ ਖਤਮ ਹੋਣ ਤੋਂ ਬਾਅਦ ਗੌਤਮ ਗੰਭੀਰ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ। ਉਨ੍ਹਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਦੋਵਾਂ ਦਾ ਤਜਰਬਾ ਟੀਮ ਲਈ ਜ਼ਰੂਰੀ ਹੈ। ਇਹ ਸੰਕੇਤ ਦੇ ਰਿਹਾ ਹੈ ਕਿ ਗੰਭੀਰ ਨੂੰ ਵੀ ਲੱਗਦਾ ਹੈ ਕਿ ਰੋਹਿਤ-ਵਿਰਾਟ ਵਰਲਡ ਕੱਪ ਵਿੱਚ ਟੀਮ ਲਈ ਅਹਿਮ ਭੂਮਿਕਾ ਨਿਭਾਉਣਗੇ।
ਉਨ੍ਹਾਂ ਕਿਹਾ, “ਦੋਵੇਂ ਸ਼ਾਨਦਾਰ ਖਿਡਾਰੀ ਹਨ। ਮੈਂ ਕਈ ਵਾਰ ਕਿਹਾ ਹੈ ਕਿ ਦੋਵੇਂ ਹੀ ਵਰਲਡ ਕਲਾਸ ਪਲੇਅਰ ਹਨ। ਉਹ ਇਸ ਫਾਰਮੈਟ ਵਿੱਚ ਬਹੁਤ ਜ਼ਬਰਦਸਤ ਹਨ ਅਤੇ ਉਨ੍ਹਾਂ ਦਾ ਅਨੁਭਵ ਡਰੈਸਿੰਗ ਰੂਮ ਲਈ ਜ਼ਰੂਰੀ ਹੈ। ਰੋਹਿਤ-ਵਿਰਾਟ ਉਹੀ ਕਰ ਰਹੇ ਹਨ ਜੋ ਉਹ ਕਰਦੇ ਆਏ ਹਨ। ਉਹ ਲੰਬੇ ਸਮੇਂ ਤੋਂ ਭਾਰਤੀ ਕ੍ਰਿਕਟ ਲਈ ਪ੍ਰਦਰਸ਼ਨ ਕਰ ਰਹੇ ਹਨ। ਉਮੀਦ ਹੈ ਕਿ ਉਹ ਅੱਗੇ ਵੀ ਅਜਿਹਾ ਕਰਨਾ ਜਾਰੀ ਰੱਖਣਗੇ, ਕਿਉਂਕਿ ਇਹ ਵਨਡੇ ਫਾਰਮੈਟ ਵਿੱਚ ਭਾਰਤੀ ਕ੍ਰਿਕਟ ਲਈ ਜ਼ਰੂਰੀ ਹੈ।”
ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਦਿੱਤਾ ਜਵਾਬ
ਕਈ ਲੋਕਾਂ ਨੂੰ ਲੱਗਿਆ ਸੀ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਟੈਸਟ ਅਤੇ ਟੀ-20 ਤੋਂ ਸੰਨਿਆਸ ਲੈਣ ਤੋਂ ਬਾਅਦ ਵਨਡੇ ਵਿੱਚ ਓਨਾ ਕਮਾਲ ਨਹੀਂ ਕਰ ਸਕਣਗੇ। ਹਾਲਾਂਕਿ, ਉਨ੍ਹਾਂ ਨੇ ਆਪਣੇ ਆਲੋਚਕਾਂ ਨੂੰ ਮੂੰਹਤੋੜ ਜਵਾਬ ਦਿੱਤਾ।
ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 202 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਸੀ। ਇਸੇ ਕਾਰਨ ਉਨ੍ਹਾਂ ਨੂੰ 'ਪਲੇਅਰ ਆਫ ਦਿ ਸੀਰੀਜ਼' ਦਾ ਖਿਤਾਬ ਮਿਲਿਆ।
ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੇ ਖਿਲਾਫ ਵਨਡੇ ਸੀਰੀਜ਼ ਵਿੱਚ 302 ਦੌੜਾਂ ਬਣਾਈਆਂ। ਉਹ ਦੋ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਜੜਨ ਵਿੱਚ ਕਾਮਯਾਬ ਰਹੇ ਅਤੇ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਲੜੀ ਵਿੱਚ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ।
Get all latest content delivered to your email a few times a month.